ਪੰਤ ਦੀ ਸਿਹਤਯਾਬੀ ਸਮੇਂ ਤੋਂ ਪਹਿਲਾਂ ਹੋਈ, ਜਿਮਨਾਸਟਿਕ ਤੋਂ ਮਿਲਿਆ ਫਾਇਦਾ : ਐੱਨ. ਸੀ. ਏ. ਸਟਾਫ਼
Saturday, Mar 16, 2024 - 04:04 PM (IST)
ਨਵੀਂ ਦਿੱਲੀ, (ਭਾਸ਼ਾ) ਰਿਸ਼ਭ ਪੰਤ ਦੀ ਮਾਨਸਿਕ ਤਾਕਤ ਅਤੇ ਜਿਮਨਾਸਟਿਕ ਖੇਡਣ ਦੇ ਤਜਰਬੇ ਨੇ ਇਸ ਵਿਕਟਕੀਪਰ ਬੱਲੇਬਾਜ਼ ਨੂੰ ਜਲਦੀ ਠੀਕ ਹੋਣ ਵਿਚ ਮਦਦ ਕੀਤੀ। ਦਸੰਬਰ 2022 'ਚ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਹੋਏ ਭਿਆਨਕ ਕਾਰ ਹਾਦਸੇ ਤੋਂ ਬਾਅਦ ਪੰਤ ਨੂੰ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 'ਚ ਖੇਡਣ ਦੀ ਇਜਾਜ਼ਤ ਮਿਲ ਗਈ ਹੈ।ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਫਿਜ਼ੀਓਥੈਰੇਪਿਸਟ ਤੁਲਸੀ ਯੁਵਰਾਜ ਨੇ ਬੀ. ਸੀ. ਸੀ. ਆਈ. ਟੀ. ਵੀ. ਨੂੰ ਦੱਸਿਆ, ''ਉਸ ਦੀ ਮਾਨਸਿਕ ਤਾਕਤ ਅਤੇ ਵਿਸ਼ਵਾਸ ਨੇ ਸਾਨੂੰ ਉਸਦੇ ਪੁਨਰਵਾਸ ਦੌਰਾਨ 100 ਪ੍ਰਤੀਸ਼ਤ ਦੇਣ ਲਈ ਪ੍ਰੇਰਿਤ ਕੀਤਾ।"
ਡਾਕਟਰਾਂ ਨੂੰ ਲਗਦਾ ਸੀ ਕਿ ਇਸ 'ਚ ਦੋ ਸਾਲ ਲੱਗਣਗੇ। ਇੱਕ ਵਾਰ ਜਦੋਂ ਉਹ ਐਨ. ਸੀ. ਏ. ਵਿੱਚ ਆਇਆ, ਤਾਂ ਉਹ ਤੇਜ਼ੀ ਨਾਲ ਠੀਕ ਹੋਣ ਲੱਗਾ।'' ਐਨ. ਸੀ. ਏ. ਵਿੱਚ ਤਾਕਤ ਅਤੇ ਕੰਡੀਸ਼ਨਿੰਗ ਕੋਚ ਨਿਸ਼ਾਂਤ ਬੋਰਦੋਲੋਈ ਨੇ ਕਿਹਾ ਕਿ ਪੰਤ ਬਚਪਨ ਵਿੱਚ ਇੱਕ ਜਿਮਨਾਸਟ ਵੀ ਸੀ, ਜਿਸ ਨੇ ਉਸ ਦੀ ਸਿਹਤਯਾਬੀ ਵਿੱਚ ਮਦਦ ਕੀਤੀ। ਉਸਨੇ ਕਿਹਾ, “ਜਿਮਨਾਸਟਿਕ ਵਿੱਚ ਰਿਸ਼ਭ ਦੇ ਪਿਛੋਕੜ ਨੇ ਸਾਡੀ ਬਹੁਤ ਮਦਦ ਕੀਤੀ। ਇਸ ਨੇ ਬਹੁਤ ਸਾਰੀਆਂ ਚੀਜ਼ਾਂ ਵਿੱਚ ਬਹੁਤ ਮਦਦ ਕੀਤੀ, ਉਦਾਹਰਣ ਵਜੋਂ, ਜਦੋਂ ਉਸਨੂੰ ਮਹਿਸੂਸ ਹੋਇਆ ਕਿ ਉਹ ਅੱਗੇ ਨਹੀਂ ਵਧ ਸਕਦਾ, ਤਾਂ ਉਹ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਯੋਗ ਹੋ ਗਿਆ।''
ਪੰਤ ਨੇ ਰਿਕਵਰੀ ਲਈ ਕੋਈ ਕਸਰ ਨਹੀਂ ਛੱਡੀ ਪਰ ਉਸਨੂੰ ਇਹ ਪ੍ਰਕਿਰਿਆ ਬੋਰਿੰਗ ਲੱਗੀ। ਉਸ ਨੇ ਕਿਹਾ, ''ਪੁਨਰਵਾਸ (ਚੋਟ ਤੋਂ ਬਾਅਦ ਫਿਟਨੈਸ ਮੁੜ ਤੋਂ ਹਾਸਲ ਕਰਨ ਦਾ ਸਮਾਂ) ਕਾਫੀ ਬੋਰਿੰਗ ਹੁੰਦਾ ਹੈ। ਉਹੀ ਕੰਮ ਵਾਰ-ਵਾਰ ਕਰਨਾ ਪਰ ਅਜਿਹਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਤੁਸੀਂ ਜਿੰਨਾ ਜ਼ਿਆਦਾ ਕਰੋਗੇ, ਓਨੀ ਜਲਦੀ ਤੁਸੀਂ ਠੀਕ ਹੋ ਜਾਵੋਗੇ।'' ਉਸ ਨੇ ਕਿਹਾ, ''ਮੈਂ ਮੈਦਾਨ 'ਤੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਕ੍ਰਿਕਟ ਪ੍ਰਤੀ ਮੇਰਾ ਪਿਆਰ ਵਧਿਆ ਹੈ। ਪਹਿਲਾਂ ਵੀ ਮੈਨੂੰ ਇਸ ਨਾਲ ਪਿਆਰ ਸੀ ਪਰ ਹੁਣ ਇਹ ਬਹੁਤ ਜ਼ਿਆਦਾ ਹੋ ਗਿਆ ਹੈ।''