ਸਾਈ ਕਿਸ਼ੋਰ ਦੀਆਂ 5 ਵਿਕਟਾਂ, ਗਲੌਸਟਰਸ਼ਾਇਰ ਦੀ ਰੋਮਾਂਚਕ ਜਿੱਤ
Monday, Sep 07, 2026 - 04:07 PM (IST)
ਬਰਿਸਟਲ, (ਏਜੰਸੀ)- ਆਰ. ਸਾਈ ਕਿਸ਼ੋਰ (5 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਗਲੌਸਟਰਸ਼ਾਇਰ ਨੇ ਰੌਥਸੇ ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ-2 ਦੇ ਬੇਹੱਦ ਰੋਮਾਂਚਕ ਮੈਚ ’ਚ ਡਰਬੀਸ਼ਾਇਰ ਨੂੰ 213 ਦੌੜਾਂ ਨਾਲ ਹਰਾ ਦਿੱਤਾ। ਸੀਟ ਯੂਨੀਕ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ’ਚ ਗਲੌਸਟਰਸ਼ਾਇਰ ਦੇ ਇਸ ਵਿਦੇਸ਼ੀ ਖਿਡਾਰੀ ਨੇ 18 ਓਵਰਾਂ ’ਚ 20 ਦੌੜਾਂ ਦੇ ਕੇ 5 ਵਿਕਟਾਂ ਲਈਆਂ। 319 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਬੇਵੱਸ ਡਰਬੀਸ਼ਾਇਰ ਦੀ ਟੀਮ ਆਖਰੀ ਸੈਸ਼ਨ ’ਚ 39 ਓਵਰਾਂ ਦੇ ਅੰਦਰ ਸਿਰਫ 105 ਦੌੜਾਂ ’ਤੇ ਸਿਮਟ ਗਈ। ਐੱਡ ਮਿਡਲਟਨ ਨੇ 17 ਦੌੜਾਂ ਦੇ ਕੇ 2 ਵਿਕਟਾਂ ਤੇ ਓਲੀ ਪ੍ਰਾਈਸ ਨੇ 59 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਡਰਬੀਸ਼ਾਇਰ ਦੀਅਾਂ ਸਾਰੀਅਾਂ 10 ਵਿਕਟ ਸਪਿੰਨ ਗੇਂਦਬਾਜ਼ਾਂ ਨੇ ਲਈਅਾਂ। ਇਹ ਘਰੇਲੂ ਟੀਮ ਲਈ ਕਿਸਮਤ ’ਚ ਸ਼ਾਨਦਾਰ ਬਦਲਾਅ ਸੀ, ਕਿਉਂਕਿ ਮੈਚ ਦੇ ਪਹਿਲੇ ਦਿਨ ਉਸ ਦਾ ਸਕੋਰ 5 ਵਿਕਟਾਂ ’ਤੇ ਸਿਰਫ 37 ਦੌੜਾਂ ਸੀ।
ਇਸ ਤੋਂ ਪਹਿਲਾਂ ਗਲੌਸਟਰਸ਼ਾਇਰ ਨੇ ਆਪਣੀ ਦੂਜੀ ਪਾਰੀ ’ਚ 210 ਦੌੜਾਂ ਹੋਰ ਜੋੜੀਆਂ। ਮਾਈਲਸ ਹੈਮੰਡ ਨੇ 118 ਤੇ ਜੇਮਸ ਬ੍ਰੇਸੀ ਨੇ ਅਜੇਤੂ 104 ਦੌੜਾਂ ਬਣਾਈਆਂ। ਦੋਵਾਂ ਨੇ ਚੌਥੀ ਵਿਕਟ ਲਈ 165 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ ਅਤੇ ਗਲੌਸਟਰਸ਼ਾਇਰ ਨੇ 5 ਵਿਕਟਾਂ ’ਚ 359 ਦੌੜਾਂ ਬਣਾ ਕੇ ਪਾਰੀ ਖਤਮ ਅੈਲਾਨ ਕੀਤੀ ਸੀ। ਬ੍ਰੇਸੀ 2007 ’ਚ ਗਲੌਸਟਰ ਦੇ ਆਕਰਡੇਕਨ ਮੀਡੋ ’ਚ ਐਲੇਕਸ ਗਿਡਮੈਨ ਤੋਂ ਬਾਅਦ ਫਰਸਟ ਕਲਾਸ ਮੈਚ ’ਚ ਦੋ ਸੈਂਕੜੇ ਲਾਉਣ ਵਾਲਾ ਗਲੌਸਟਰਸ਼ਾਇਰ ਦਾ ਪਹਿਲਾ ਖਿਡਾਰੀ ਬਣਿਆ।
ਅੰਕ ਸੂਚੀ ’ਚ ਸਭ ਤੋਂ ਹੇਠਾਂ ਚੱਲ ਰਹੀ ਗਲੌਸਟਰਸ਼ਾਇਰ ਨੇ 19 ਅੰਕ ਹਾਸਲ ਕੀਤੇ ਅਤੇ ਲਗਾਤਾਰ 6 ਹਾਰਾਂ ਦਾ ਸਿਲਸਿਲਾ ਖਤਮ ਕੀਤਾ। ਇਸ ਸੈਸ਼ਨ ’ਚ ਉਸ ਦੀਆਂ ਦੋਵੇਂ ਜਿੱਤਾਂ ਡਰਬੀਸ਼ਾਇਰ ਵਿਰੁੱਧ ਹੀ ਆਈਆਂ ਹਨ। ਬਰਿਸਟਲ ਤੋਂ ਡਰਬੀਸ਼ਾਇਰ ਨੂੰ ਸਿਰਫ 4 ਅੰਕ ਮਿਲੇ ਅਤੇ ਟੀਮ ਨੂੰ ਭਾਰੀ ਨਿਰਾਸ਼ਾ ਨਾਲ ਪਰਤਣਾ ਪਿਆ।
