ਪਾਕਿਸਤਾਨ ਨੇ ਬਦਲਿਆ ਟੈਸਟ ਕਪਤਾਨ, ਬੰਗਲਾਦੇਸ਼ ਹੱਥੋਂ ਮਿਲੀ ਹਾਰ ਮਗਰੋਂ ਵੱਡਾ ਐਕਸ਼ਨ
Friday, May 22, 2026 - 06:10 PM (IST)
ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਟੀਮ ਦੇ ਟੈਸਟ ਕ੍ਰਿਕਟ ਵਿੱਚ ਲਗਾਤਾਰ ਖਰਾਬ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਬੰਗਲਾਦੇਸ਼ ਦੇ ਖਿਲਾਫ ਟੈਸਟ ਸੀਰੀਜ਼ ਵਿੱਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਬੋਰਡ ਨੇ ਸ਼ਾਨ ਮਸੂਦ ਨੂੰ ਕਪਤਾਨੀ ਤੋਂ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਸਲਮਾਨ ਆਗਾ ਨੂੰ ਨਵਾਂ ਟੈਸਟ ਕਪਤਾਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।
ਬਤੌਰ ਕਪਤਾਨ ਸ਼ਾਨ ਮਸੂਦ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਹੈ। ਪਿਛਲੇ 16 ਟੈਸਟ ਮੈਚਾਂ ਵਿੱਚੋਂ ਪਾਕਿਸਤਾਨ ਦੀ ਟੀਮ ਸਿਰਫ 4 ਮੈਚ ਹੀ ਜਿੱਤ ਸਕੀ, ਜਦਕਿ 12 ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲ ਹੀ ਵਿੱਚ ਬੰਗਲਾਦੇਸ਼ ਵਿਰੁੱਧ ਹੋਈ ਸੀਰੀਜ਼ ਵਿੱਚ ਪਾਕਿਸਤਾਨ ਨੂੰ 0-2 ਨਾਲ ਹਾਰ ਮਿਲੀ, ਜਿਸ ਕਾਰਨ ਟੀਮ ਦੀ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਵਿੱਚ ਪਹੁੰਚਣ ਦੀ ਉਮੀਦ ਲਗਭਗ ਖਤਮ ਹੋ ਗਈ ਹੈ। ਪਾਕਿਸਤਾਨ ਇਸ ਸਮੇਂ WTC ਅੰਕ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ।
ਸਲਮਾਨ ਆਗਾ 'ਤੇ ਜਤਾਇਆ ਭਰੋਸਾ
PCB ਦੇ ਚੇਅਰਮੈਨ ਮੋਹਸਿਨ ਨਕਵੀ ਦੀ ਅਗਵਾਈ ਵਿੱਚ ਬੋਰਡ ਨੇ ਸਲਮਾਨ ਆਗਾ ਨੂੰ ਪਾਕਿਸਤਾਨੀ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਆਗਾ ਵਰਤਮਾਨ ਵਿੱਚ ਪਾਕਿਸਤਾਨ ਦੀ ਟੀ-20 ਟੀਮ ਦੇ ਕਪਤਾਨ ਹਨ ਅਤੇ ਵਨਡੇ ਵਿੱਚ ਉਪ-ਕਪਤਾਨ ਵਜੋਂ ਸੇਵਾ ਨਿਭਾ ਰਹੇ ਹਨ। ਹਾਲਾਂਕਿ ਬੋਰਡ ਕੋਲ ਬਾਬਰ ਆਜ਼ਮ ਅਤੇ ਸ਼ਾਹੀਨ ਅਫਰੀਦੀ ਵਰਗੇ ਵਿਕਲਪ ਮੌਜੂਦ ਸਨ, ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਲਮਾਨ ਆਗਾ ਨੂੰ ਸਭ ਤੋਂ ਢੁਕਵਾਂ ਉਮੀਦਵਾਰ ਮੰਨਿਆ ਗਿਆ ਹੈ।
