ਪੰਜਾਬ ਦੀ ਚੌਥੀ ਹਾਰ: ਕਪਤਾਨ ਅਈਅਰ ਨੇ ਹਾਰ ਲਈ ਇਨ੍ਹਾਂ ਖਿਡਾਰੀਆਂ ਨੂੰ ਠਹਿਰਾਇਆ ਜ਼ਿੰਮੇਵਾਰ!
Tuesday, May 12, 2026 - 11:16 AM (IST)
ਧਰਮਸ਼ਾਲਾ : ਆਈਪੀਐਲ 2026 ਵਿੱਚ ਪੰਜਾਬ ਕਿੰਗਜ਼ (PBKS) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਧਰਮਸ਼ਾਲਾ ਦੇ ਖੂਬਸੂਰਤ ਮੈਦਾਨ ਵਿੱਚ ਦਿੱਲੀ ਕੈਪੀਟਲਜ਼ (DC) ਵਿਰੁੱਧ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਪੰਜਾਬ ਕਿੰਗਜ਼ ਦੀ ਇਸ ਸੀਜ਼ਨ ਵਿੱਚ ਲਗਾਤਾਰ ਚੌਥੀ ਹਾਰ ਹੈ, ਜਿਸ ਕਾਰਨ ਕਪਤਾਨ ਸ਼੍ਰੇਅਸ ਅਈਅਰ ਕਾਫ਼ੀ ਨਿਰਾਸ਼ ਨਜ਼ਰ ਆ ਰਹੇ ਹਨ।
210 ਦੌੜਾਂ ਦਾ ਸਕੋਰ ਵੀ ਪਿਆ ਘੱਟ
ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਪਰ ਦਿੱਲੀ ਕੈਪੀਟਲਜ਼ ਨੇ ਅਕਸ਼ਰ ਪਟੇਲ, ਡੇਵਿਡ ਮਿਲਰ, ਆਸ਼ੂਤੋਸ਼ ਸ਼ਰਮਾ ਅਤੇ ਮਾਧਵ ਤਿਵਾਰੀ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 3 ਵਿਕਟਾਂ ਨਾਲ ਜਿੱਤ ਦਰਜ ਕਰ ਲਈ।
ਕਪਤਾਨ ਦਾ ਸਖ਼ਤ ਬਿਆਨ :'ਸਾਨੂੰ ਸੁਧਾਰ ਦੀ ਲੋੜ ਹੈ'
ਮੈਚ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਘੁਮਾ-ਫਿਰਾ ਕੇ ਗੱਲ ਨਹੀਂ ਕਰਨਗੇ। ਉਨ੍ਹਾਂ ਨੇ ਸਿੱਧੇ ਤੌਰ 'ਤੇ ਹਾਰ ਲਈ ਗੇਂਦਬਾਜ਼ੀ ਅਤੇ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਅਈਅਰ ਅਨੁਸਾਰ ਨੇ ਕਿਹਾ ਕਿ ਟੀਮ ਗੇਂਦਬਾਜ਼ੀ ਅਤੇ ਫੀਲਡਿੰਗ ਦੇ ਮਾਮਲੇ ਵਿੱਚ ਪਿੱਛੇ ਰਹਿ ਗਈ ਹੈ ਅਤੇ ਇਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ। ਧਰਮਸ਼ਾਲਾ ਦੀ ਪਿੱਚ 'ਤੇ ਗੇਂਦ ਨੂੰ ਮਿਲ ਰਹੀ ਸਵਿੰਗ ਅਤੇ ਉਛਾਲ ਨੂੰ ਦੇਖਦਿਆਂ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਲੇਬਾਜ਼ਾਂ ਨੂੰ 30 ਦੌੜਾਂ ਹੋਰ (ਯਾਨੀ ਲਗਭਗ 240 ਦੌੜਾਂ) ਬਣਾਉਣੀਆਂ ਚਾਹੀਦੀਆਂ ਸਨ।
ਯੁਜਵੇਂਦਰ ਚਾਹਲ ਨੂੰ ਓਵਰ ਨਾ ਦੇਣ ਦਾ ਕਾਰਨ
ਪਲੇਇੰਗ 11 ਵਿੱਚ ਹੋਣ ਦੇ ਬਾਵਜੂਦ ਅਈਅਰ ਨੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਤੋਂ ਇੱਕ ਵੀ ਓਵਰ ਨਹੀਂ ਕਰਵਾਇਆ। ਇਸ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪਿੱਚ 'ਤੇ ਤੇਜ਼ ਗੇਂਦਬਾਜ਼ਾਂ ਨੂੰ ਮਿਲ ਰਹੀ ਮਦਦ ਕਾਰਨ ਉਹ ਸਟੀਕ ਤੇਜ਼ ਗੇਂਦਬਾਜ਼ੀ ਰਾਹੀਂ ਵਿਕਟਾਂ ਲੈਣਾ ਚਾਹੁੰਦੇ ਸਨ, ਹਾਲਾਂਕਿ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ।
ਪਲੇਆਫ ਦੀ ਰਾਹ ਹੋਈ ਔਖੀ
ਲਗਾਤਾਰ ਚੌਥੀ ਹਾਰ ਤੋਂ ਬਾਅਦ ਪੰਜਾਬ ਕਿੰਗਜ਼ ਲਈ ਪਲੇਆਫ ਵਿੱਚ ਪਹੁੰਚਣਾ ਹੁਣ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਟੀਮ ਨੂੰ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਲਈ ਅਗਲੇ 3 ਮੈਚਾਂ ਵਿੱਚੋਂ ਘੱਟੋ-ਘੱਟ 2 ਮੈਚ ਜਿੱਤਣੇ ਬੇਹੱਦ ਜ਼ਰੂਰੀ ਹਨ।
