ਪੰਜਾਬ ਕਿੰਗਜ਼ ਦੀ ਲਗਾਤਾਰ ਚੌਥੀ ਹਾਰ ਮਗਰੋਂ ਤੱਤੀ ਹੋਈ ਪ੍ਰੀਤੀ ਜ਼ਿੰਟਾ, ਸੋਸ਼ਲ ਮੀਡੀਆ 'ਤੇ ਲਾਈ ਫਟਕਾਰ
Wednesday, May 13, 2026 - 12:38 PM (IST)
ਸਪੋਰਟਸ ਡੈਸਕ : ਪੰਜਾਬ ਕਿੰਗਜ਼ (PBKS) ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਨੇ ਟੀਮ ਦੀ ਲਗਾਤਾਰ ਚੌਥੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਲੈ ਕੇ ਆਪਣੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬੁੱਧਵਾਰ ਰਾਤ ਲਗਭਗ 1 ਵਜੇ ਕੀਤੇ ਗਏ ਇੱਕ ਪੋਸਟ ਵਿੱਚ ਉਨ੍ਹਾਂ ਨੇ ਟੀਮ ਵਿਰੁੱਧ ਕਥਿਤ ਤੌਰ 'ਤੇ ਚਲਾਈ ਜਾ ਰਹੀ 'ਸਾਜ਼ਿਸ਼' ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਸੰਘਰਸ਼
ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਦੀ ਬੇਹੱਦ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਟੀਮ ਪਹਿਲੇ ਨੰਬਰ 'ਤੇ ਕਾਬਜ਼ ਸੀ। ਪਹਿਲੇ ਸੱਤ ਮੈਚਾਂ ਵਿੱਚ 13 ਅੰਕ ਹਾਸਲ ਕਰਨ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਪਲੇਆਫ ਵਿੱਚ ਪਹੁੰਚਣਾ ਆਸਾਨ ਹੋਵੇਗਾ, ਪਰ ਹੁਣ ਲਗਾਤਾਰ ਚਾਰ ਹਾਰਾਂ ਨੇ ਟੀਮ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
There’s a difference between criticism & calculated misinformation. Healthy debate around the game is welcome, but the deliberate spread of fake narratives to damage individuals, the team, or the brand should not & will not be taken lightly. I urge everyone including verified… https://t.co/yeqbsTwLBd
— Preity G Zinta (@realpreityzinta) May 12, 2026
ਅਫ਼ਵਾਹਾਂ ਅਤੇ ਆਲੋਚਨਾ 'ਤੇ ਦਿੱਤਾ ਜਵਾਬ
ਟੀਮ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖਿਡਾਰੀਆਂ ਦੀ ਨਿੱਜੀ ਜ਼ਿੰਦਗੀ, ਕਪਤਾਨ ਨਾਲ ਖਿਡਾਰੀਆਂ ਦੀ ਕਥਿਤ ਨਾਰਾਜ਼ਗੀ ਅਤੇ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਗੱਲਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰੀਤੀ ਜ਼ਿੰਟਾ ਨੇ ਲਿਖਿਆ ਕਿ ਆਲੋਚਨਾ ਅਤੇ ਸੋਚੀ ਸਮਝੀ ਗਲਤ ਜਾਣਕਾਰੀ ਵਿੱਚ ਫਰਕ ਹੁੰਦਾ ਹੈ। ਖੇਡ ਬਾਰੇ ਗੱਲਬਾਤ ਦਾ ਸਵਾਗਤ ਹੈ, ਪਰ ਕਿਸੇ ਵਿਅਕਤੀ, ਟੀਮ ਜਾਂ ਬ੍ਰਾਂਡ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਨੂੰ ਹਲਕੇ ਵਿੱਚ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਮੀਡੀਆ ਪੇਸ਼ੇਵਰਾਂ ਨੂੰ ਸਿਰਫ਼ ਪੁਸ਼ਟੀ ਕੀਤੀ ਜਾਣਕਾਰੀ (Verified Information) ਹੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।
ਅਗਲਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ
ਪੰਜਾਬ ਕਿੰਗਜ਼ ਦੀ ਟੀਮ ਹੁਣ ਆਪਣਾ ਅਗਲਾ ਮੈਚ 14 ਮਈ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਧਰਮਸ਼ਾਲਾ ਦੇ ਮੈਦਾਨ ਵਿੱਚ ਖੇਡੇਗੀ। ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਪੰਜਾਬ ਲਈ ਇਹ ਮੈਚ ਜਿੱਤਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇੱਕ ਹੋਰ ਹਾਰ ਉਨ੍ਹਾਂ ਨੂੰ ਅੰਕ ਸੂਚੀ ਵਿੱਚ ਕਾਫ਼ੀ ਹੇਠਾਂ ਲੈ ਜਾ ਸਕਦੀ ਹੈ।
