'ਪਾਕਿਸਤਾਨ 'ਚ ਖੇਡਣ ਆਏ ਤਾਂ ਜਾਨੋਂ ਮਾਰ ਦੇਵਾਂਗੇ', PSL ਤੋਂ ਪਹਿਲਾਂ ਇਨ੍ਹਾਂ ਦਿੱਗਜਾਂ ਨੂੰ ਮਿਲੀ ਖੁੱਲ੍ਹੀ ਧਮਕੀ

Monday, Mar 23, 2026 - 05:18 PM (IST)

'ਪਾਕਿਸਤਾਨ 'ਚ ਖੇਡਣ ਆਏ ਤਾਂ ਜਾਨੋਂ ਮਾਰ ਦੇਵਾਂਗੇ', PSL ਤੋਂ ਪਹਿਲਾਂ ਇਨ੍ਹਾਂ ਦਿੱਗਜਾਂ ਨੂੰ ਮਿਲੀ ਖੁੱਲ੍ਹੀ ਧਮਕੀ

ਸਪੋਰਟਸ ਡੈਸਕ- ਪਾਕਿਸਤਾਨ ਸੁਪਰ ਲੀਗ (PSL) 2026 ਦੇ ਆਗਾਜ਼ ਤੋਂ ਠੀਕ ਪਹਿਲਾਂ ਇਸ 'ਤੇ ਅੱਤਵਾਦ ਦਾ ਕਾਲਾ ਪਰਛਾਵਾਂ ਪੈ ਗਿਆ ਹੈ। ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (TTP) ਨਾਲ ਜੁੜੇ ਸੰਗਠਨ 'ਜਮਾਤ-ਉਲ-ਅਹਿਰਾਰ' ਨੇ ਵਿਦੇਸ਼ੀ ਖਿਡਾਰੀਆਂ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪਾਕਿਸਤਾਨ ਖੇਡਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਸਨਸਨੀਖੇਜ਼ ਧਮਕੀ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (PCB) ਵਿੱਚ ਹਫੜਾ-ਦਫੜੀ ਮਚ ਗਈ ਹੈ।

ਇਹ ਵੀ ਪੜ੍ਹੋ- BCCI ਤੋਂ ਨਾਰਾਜ਼ ਹੋ ਕੇ ਦਿੱਗਜ ਕ੍ਰਿਕਟਰ ਨੇ ਛੱਡੀ ਕਮੈਂਟਰੀ, ਲਾਏ ਗੰਭੀਰ ਦੋਸ਼

ਵਾਰਨਰ ਅਤੇ ਸਟੀਵ ਸਮਿਥ ਵਰਗੇ ਦਿੱਗਜ ਨਿਸ਼ਾਨੇ 'ਤੇ 

ਅੱਤਵਾਦੀ ਸੰਗਠਨ ਨੇ ਖਾਸ ਤੌਰ 'ਤੇ ਆਸਟ੍ਰੇਲੀਆਈ ਦਿੱਗਜ ਖਿਡਾਰੀਆਂ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦਾ ਨਾਂ ਲੈ ਕੇ ਧਮਕੀ ਦਿੱਤੀ ਹੈ। ਦੱਸ ਦੇਈਏ ਕਿ ਵਾਰਨਰ ਕਰਾਚੀ ਕਿੰਗਜ਼ ਦੀ ਕਪਤਾਨੀ ਕਰ ਰਹੇ ਹਨ ਅਤੇ ਸਟੀਵ ਸਮਿਥ ਮੁਲਤਾਨ ਸੁਲਤਾਨ ਵੱਲੋਂ ਖੇਡਣ ਲਈ ਪਾਕਿਸਤਾਨ ਪਹੁੰਚ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਮਾਰਨਸ ਲਾਬੂਸ਼ੇਨ, ਮੋਈਨ ਅਲੀ ਅਤੇ ਐਡਮ ਜ਼ਾਂਪਾ ਵਰਗੇ ਖਿਡਾਰੀ ਵੀ ਇਸ ਲੀਗ ਦਾ ਹਿੱਸਾ ਹਨ, ਜਿਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਹੋ ਗਈ ਹੈ।

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ PCB ਚੇਅਰਮੈਨ ਮੋਹਸਿਨ ਨਕਵੀ ਨੇ ਵੱਡਾ ਐਲਾਨ ਕੀਤਾ ਹੈ ਕਿ PSL 2026 ਦੇ ਸਾਰੇ ਮੈਚ ਬਿਨਾਂ ਦਰਸ਼ਕਾਂ ਦੇ (ਖਾਲੀ ਸਟੇਡੀਅਮਾਂ ਵਿੱਚ) ਖੇਡੇ ਜਾਣਗੇ। ਬੋਰਡ ਨੇ ਸੁਰੱਖਿਆ ਕਾਰਨਾਂ ਕਰਕੇ ਟੂਰਨਾਮੈਂਟ ਦੀ ਓਪਨਿੰਗ ਸੈਰੇਮਨੀ ਨੂੰ ਵੀ ਰੱਦ ਕਰ ਦਿੱਤਾ ਹੈ। ਹੁਣ ਇਹ ਟੂਰਨਾਮੈਂਟ ਸਿਰਫ਼ ਦੋ ਸ਼ਹਿਰਾਂ- ਲਾਹੌਰ ਅਤੇ ਕਰਾਚੀ ਤੱਕ ਹੀ ਸੀਮਤ ਰਹੇਗਾ।

ਇਹ ਵੀ ਪੜ੍ਹੋ- IPL ਸ਼ੁਰੂ ਹੋਣ ਤੋਂ ਪਹਿਲਾਂ ਬਦਲ ਗਿਆ ਕਪਤਾਨ, ਧਾਕੜ ਖਿਡਾਰੀ ਨੂੰ ਸੌਂਪੀ ਗਈ ਟੀਮ ਦੀ ਕਮਾਨ

ਤੇਲ ਸੰਕਟ ਅਤੇ IPL ਦਾ ਡਰ

ਪਾਕਿਸਤਾਨ ਪਹਿਲਾਂ ਹੀ ਗੰਭੀਰ ਤੇਲ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਲੀਗ ਦੇ ਪ੍ਰਬੰਧਾਂ 'ਤੇ ਸਵਾਲ ਉੱਠ ਰਹੇ ਸਨ ਪਰ ਹੁਣ ਅੱਤਵਾਦੀ ਧਮਕੀ ਨੇ ਇਸ ਦੀ ਹਵਾ ਕੱਢ ਦਿੱਤੀ ਹੈ। ਦੂਜੇ ਪਾਸੇ, ਕਈ ਵਿਦੇਸ਼ੀ ਖਿਡਾਰੀ ਪਾਕਿਸਤਾਨ ਜਾਣ ਦੀ ਬਜਾਏ IPL ਨੂੰ ਪਹਿਲ ਦੇ ਰਹੇ ਹਨ, ਜਿਸ ਕਾਰਨ ਮੋਹਸਿਨ ਨਕਵੀ ਨੇ ਖਿਡਾਰੀਆਂ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ।

ਦੱਸ ਦੇਈਏ ਕਿ ਇਹ ਟੂਰਨਾਮੈਂਟ 26 ਮਾਰਚ ਤੋਂ ਸ਼ੁਰੂ ਹੋਣਾ ਹੈ, ਜਿਸ ਵਿੱਚ ਕੁੱਲ 44 ਮੈਚ ਖੇਡੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸ ਖੌਫ਼ ਦੇ ਮਾਹੌਲ ਵਿੱਚ ਵਿਦੇਸ਼ੀ ਖਿਡਾਰੀ ਮੈਦਾਨ ਵਿੱਚ ਉਤਰਨਗੇ ਜਾਂ ਨਹੀਂ।

ਇਹ ਵੀ ਪੜ੍ਹੋ- T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ 'ਅਪਮਾਨ'!


author

Rakesh

Content Editor

Related News