ਪਾਕਿਸਤਾਨ ਓਲੰਪਿਕ ਸੰਘ ਨੇ ਆਰਿਫ ਸਈਅਦ ਨੂੰ ਨਵਾਂ ਮੁਖੀ ਬਣਾਇਆ
Wednesday, Jan 01, 2025 - 03:15 PM (IST)
ਕਰਾਚੀ– ਪਿਛਲੇ 46 ਸਾਲ ਵਿਚ ਸਿਰਫ 2 ਮੁਖੀਆਂ ਦੇ ਰਹਿਣ ਤੋਂ ਬਾਅਦ ਪਾਕਿਸਤਾਨ ਓਲੰਪਿਕ ਸੰਘ ਨੇ 2025 ਤੋਂ 2029 ਤੱਕ ਦੇ ਕਾਰਜਕਾਲ ਲਈ ਆਰਿਫ ਸਈਅਦ ਨੂੰ ਨਵਾਂ ਮੁਖੀ ਬਣਾਇਆ ਹੈ। ਜਨਵਰੀ ਵਿਚ ਸਿਹਤ ਕਾਰਨਾਂ ਕਾਰਨ ਲੈਫਟੀਨੈਂਟ ਜਨਰਲ (ਰਿਟਾ.) ਆਰਿਫ ਹਸਨ ਦੇ ਅਸਤੀਫੇ ਤੋਂ ਬਾਅਦ ਆਰਿਫ ਦੀ ਨਿਰਵਿਰੋਧ ਚੋਣ ਹੋਈ। ਹਸਨ ਮਾਰਚ 2004 ਤੋਂ ਦਸੰਬਰ 2024 ਤੱਕ ਇਸ ਅਹੁਦੇ ’ਤੇ ਰਿਹਾ।
ਇਸ ਤੋਂ ਪਹਿਲਾਂ ਸਵ. ਵਾਜਿਦ ਅਲੀ ਸ਼ਾਹ ਮਾਰਚ 1978 ਤੋਂ ਮਾਰਚ 2004 ਤੱਕ ਪੀ. ਓ. ਏ. ਮੁਖੀ ਰਿਹਾ ਸੀ। ਹਸਨ ਦਾ ਚੌਥਾ ਕਾਰਜਕਾਲ ਸੀ ਜਦੋਂ ਉਸ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ। ਪਾਕਿਸਤਾਨ ਮੁੱਕੇਬਾਜ਼ੀ ਸੰਘ ਦੇ ਮੁਖੀ ਖਾਲਿਦ ਮਹਿਮੂਦ ਨੂੰ ਸਕੱਤਰ ਤੇ ਪਾਕਿਸਤਾਨ ਟੇਬਲ ਟੈਨਿਸ ਸੰਘ ਦੇ ਮੁਖੀ ਅਹਮਾਰ ਮਲਿਕ ਨੂੰ ਖਜ਼ਾਨਚੀ ਚੁਣਿਆ ਗਿਆ ਹੈ। ਆਰਿਫ ਸਈਅਦ ਤਕਰੀਬਨ 20 ਸਾਲ ਤੱਕ ਪਾਕਿਸਤਾਨ ਰਗਬੀ ਸੰਘ ਦਾ ਮੁਖੀ ਰਿਹਾ ਹੈ।