1992 ਵਰਲਡ ਕੱਪ ਦੇ ਭੁਲੇਖੇ ''ਚ ਰਿਹਾ ਪਾਕਿਸਤਾਨ
Saturday, Jul 06, 2019 - 06:17 PM (IST)

ਲੰਡਨ— ਵਿਸ਼ਵ ਕੱਪ 'ਚੋਂ ਬਾਹਰ ਹੋਣ ਵਾਲਾ ਪਾਕਿਸਤਾਨ ਬੇਸ਼ੱਕ ਇਸਦੇ ਲਈ ਰਨ ਰੇਟ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਪਰ ਉਸਦਾ 1992 ਵਿਸ਼ਵ ਕੱਪ ਦੇ ਭੁਲੇਖੇ ਵਿਚ ਲਗਾਤਾਰ ਬਣੇ ਰਹਿਣਾ ਇਸਦਾ ਸਭ ਤੋਂ ਵੱਡਾ ਕਾਰਨ ਹੈ। ਪਾਕਿਸਤਾਨ ਨੇ 1992 ਦੇ ਵਿਸ਼ਵ ਕੱਪ ਵਿਚ ਇਮਰਾਨ ਖਾਨ ਦੀ ਕਪਤਾਨੀ ਵਿਚ ਟੂਰਨਾਮੈਂਟ ਵਿਚ ਖਰਾਬ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਟੀਮ ਨੇ ਸ਼ਾਦਨਾਰ ਵਾਪਸੀ ਕਰਦਿਆਂ ਖਿਤਾਬ ਦਾ ਸਫਰ ਤੈਅ ਕੀਤਾ। ਸਰਫਰਾਜ਼ ਅਹਿਮਦ ਦੀ ਮੌਜੂਦਾ ਪਾਕਿਸਤਾਨੀ ਟੀਮ ਨੇ ਵੀ ਇਸ ਵਿਸ਼ਵ ਕੱਪ ਵਿਚ ਖਰਾਬ ਸ਼ੁਰੂਆਤ ਕੀਤੀ ਪਰ ਜਦੋਂ ਟੀਮ ਨੇ ਸੰਭਲਣਾ ਸ਼ੁਰੂ ਕੀਤਾ ਤਾਂ ਉਸਦੇ ਪ੍ਰਦਰਸ਼ਨ ਦੀ ਤੁਲਨਾ 1992 ਦੇ ਵਿਸ਼ਵ ਕੱਪ ਦੇ ਪ੍ਰਦਰਸ਼ਨ ਨਾਲ ਕੀਤੀ ਜਾਣ ਲੱਗੀ ਤੇ ਅੰਤ ਵਿਚ ਇਸੇ ਭੁਲੇਖੇ ਵਿਚ ਸਰਫਰਾਜ਼ ਦੀ ਟੀਮ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈ। ਪਾਕਿਸਤਾਨ ਨੇ ਆਪਣੇ ਆਖਰੀ ਲੀਗ ਮੈਚ ਵਿਚ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾਇਆ ਪਰ ਨੈੱਟ ਰਨ ਰੇਟ ਵਿਚ ਉਹ ਨਿਊਜ਼ੀਲੈਂਡ ਤੋਂ ਪਿੱਛੜ ਕੇ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਿਆ। ਨਿਊਜ਼ੀਲੈਂਡ ਤੇ ਪਾਕਿਸਾਤਨ ਦੋਵਾਂ ਨੇ 5-5 ਮੈਚ ਜਿੱਤੇ, 3-3 ਹਾਰੇ ਤੇ ਉਨ੍ਹਾਂ ਦਾ 1-1 ਮੈਚ ਮੀਂਹ ਕਾਰਨ ਰੱਦ ਰਿਹਾ। ਨਿਊਜ਼ੀਲੈਂਡ ਦੀ ਨੈੱਟ ਰਨ ਰੇਟ ਪਲੱਸ 0.175 ਰਹੀ ਜਦਕਿ ਪਾਕਿਸਤਾਨ ਦੀ ਨੈੱਟ ਰਨ ਰੇਟ ਮਾਈਨਸ 0.430 ਰਹੀ। ਟੂਰਨਾਮੈਂਟ ਵਿਚ ਖਰਾਬ ਸ਼ੁਰੂਆਤ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਆਪਣੀ ਨੈੱਟ ਰਨ ਰੇਟ ਨੂੰ ਲੈ ਕੇ ਸੰਭਲ ਜਾਣਾ ਚਾਹੀਦਾ ਸੀ ਪਰ ਉਸ ਨੇ ਇਸ ਮਹੱਤਵਪੂਰਨ ਮੁੱਦੇ ਨੂੰ ਲੈ ਕੇ ਧਿਆਨ ਨਹੀਂ ਦਿੱਤਾ। ਪਾਕਿਸਤਾਨ ਆਪਣਾ ਪਹਿਲਾ ਮੈਚ ਵੈਸਟਇੰਡੀਜ਼ ਹੱਥੋਂ 7 ਵਿਕਟਾਂ ਨਾਲ ਹਾਰਿਆ। ਇਸ ਮੈਚ ਵਿਚ ਪਾਕਿਸਤਾਨ ਦੀ ਟੀਮ ਸਿਰਫ 105 ਦੌੜਾਂ 'ਤੇ ਢੇਰ ਹੋ ਗਈ। ਆਖਿਰ ਵਿਚ ਇਹ ਮੈਚ ਪਾਕਿਸਤਾਨ 'ਤੇ ਭਾਰੀ ਪਿਆ।
ਪਾਕਿਸਤਾਨ ਨੇ ਪਹਿਲੀ ਹਾਰ ਦੇ ਝਟਕੇ ਤੋਂ ਉਭਰਦੇ ਹੋਏ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਜਦਕਿ ਸ਼੍ਰੀਲੰਕਾ ਦੇ ਨਾਲ ਉਸਦਾ ਮੈਚ ਮੀਂਹ ਕਾਰਨ ਰੱਦ ਰਿਹਾ। ਪਾਕਿਸਤਾਨ ਨੂੰ ਆਸਟਰੇਲੀਆ ਹੱਥੋਂ 41 ਦੌੜਾਂ ਨਾਲ ਤੇ ਭਾਰਤ ਹੱਥੋਂ 89 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ, ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ , ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਤੇ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾਇਆ। ਪਾਕਿਸਤਾਨ ਨੇ ਆਪਣੇ ਆਖਰੀ 4 ਮੈਚ ਜਿੱਤੇ ਪਰ ਅੰਤ ਵਿਚ ਨੈੱਟ ਰਨ ਰੇਟ ਨੇ ਉਸਦੀਆਂ ਉਮੀਦਾਂ ਤੋੜ ਦਿੱਤੀਆਂ। ਪਾਕਿਸਤਾਨ ਦੇ ਸਾਬਕਾ ਧਾਕੜ ਕ੍ਰਿਕਟਰ ਭਾਰਤ ਦੀ ਇੰਗਲੈਂਡ ਹੱਥੋਂ ਹਾਰ 'ਤੇ ਵਿਰੋਧੀ ਟੀਮਾਂ ਕਰਦੇ ਰਹੇ ਪਰ ਆਪਣੀ ਟੀਮ ਦੀ ਨੈੱਟ ਰਨ ਰੇਟ 'ਤ ਕਿਸੇ ਨੇ ਧਿਆਨ ਨਹੀਂ ਦਿੱਤਾ। ਟੀਮ ਇਸ ਨੈੱਟ ਰਨ ਰੇਟ ਨੂੰ ਅਫਗਾਨਿਸਤਾਨ ਵਿਰੁੱਧ ਸੁਧਾਰ ਸਕਦੀ ਸੀ ਪਰ ਉੱਥਏ ਵੀ ਟੀਮ ਨੂੰ ਜਿੱਤ ਲਈ ਸੰਘਰਸ਼ ਕਰਨਾ ਪਿਆ। ਪਾਕਿਸਤਾਨ ਹੱਥੋਂ ਹਾਰ ਜਾਣ ਵਾਲੇ ਇੰਗਲੈਂਡ ਤੇ ਨਿਊਜ਼ੀਲੈਂਡ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਜਦਕਿ 1992 ਦੀ ਇਹ ਚੈਂਪੀਅਨ ਟੀਮ ਖੁਦ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈ। 1992 ਵਿਚ ਪਾਕਿ ਦਾ ਪ੍ਰਦਰਸ਼ਨ : ਸਾਲ 1992 ਦੇ ਵਿਸ਼ਵ ਕੱਪ ਵਿਚ ਪਾਕਿਸਤਾਨ ਆਪਣੇ ਪਹਿਲੇ ਮੁਕਾਬਲੇ ਵਿਚ ਵੈਸਟਇੰਡੀਜ਼ ਹੱਥੋਂ 10 ਵਿਕਟਾਂ ਨਾਲ ਹਾਰਿਆ। ਉਸ ਨੇ ਜ਼ਿੰਬਾਬਵੇ ਤੋਂ ਅਗਲਾ ਮੈਚ 53 ਦੌੜਾਂ ਨਾਲ ਜਿੱਤਿਆ। ਇੰਗਲੈਂਡ ਵਿਰੁੱਧ ਅਗਲੇ ਮੁਕਾਬਲੇ ਵਿਚ ਪਾਕਿਸਾਤਨ ਟੀਮ 74 ਦੌੜਾਂ 'ਤੇ ਢੇਰ ਹੋ ਗਈ ਪਰ ਇਹ ਮੈਚ ਮੀਂਹ ਕਾਰਨ ਰੱਦ ਹੋ ਗਿਆ ਤੇ ਇਸ ਮੈਚ ਤੋਂ ਮਿਲੇ ਇਕ ਅੰਕ ਨੇ ਅੰਤ ਵਿਚ ਉਸਦੀ ਕਿਸਮਤ ਬਦਲ ਦਿੱਤੀ।
ਭਾਰਤ ਵਿਰੁੱਧ ਅਗਲੇ ਮੈਚ ਵਿਚ ਪਾਕਿਸਤਾਨ 43 ਦੌੜਾਂ ਨਾਲ ਤੇ ਫਿਰ ਦੱਖਣੀ ਅਫਰੀਕਾ ਤੋਂ 20 ਦੌੜਾਂ ਨਾਲ ਹਾਰ ਗਿਆ ਪਰ ਪਾਕਿਸਤਾਨ ਨੇ ਵਾਪਸੀ ਕਰਦਿਆਂ ਆਸਟਰੇਲੀਆ ਨੂੰ 48 ਦੌੜਾਂ ਨਾਲ, ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਤੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਪਾਕਿਸਾਤਨ ਨੂੰ ਇੰਗਲੈਂਡ ਵਿਰੁੱਧ ਰੱਦ ਹੋਏ ਮੈਚ ਦਾ ਅੰਤ ਵਿਚ ਫਾਇਦਾ ਮਿਲਿਆ ਤੇ ਉਸ ਇਕ ਅੰਕ ਨੇ ਉਸ ਨੂੰ ਅਸਾਸਟੇਰੀਲਆ ਤੋਂ ਉੱਪਰ ਰੱਖਦੇ ਹੋਏ ਸੈਮੀਫਾਈਨਲ ਵਿਚ ਪਹੁੰਚਾ ਦਿੱਤਾ। ਪਾਕਿਸਾਤਨ ਨੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਤੇ ਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤ ਲਿਆ। ਮੌਜੂਦਾ ਟੂਰਨਾਮੈਂਟ 'ਚ ਕੁਝ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ : ਮੌਜੂਦਾ ਟੂਰਨਾਮੈਂਟ ਵਿਚ ਪਾਕਿਸਤਾਨ ਵਲੋਂ ਕੁਝ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਾਬਰ ਆਜਮ ਨੇ 474 , ਇਮਾਮ-ਉਲ-ਹੱਕ ਨੇ 305, ਮੁਹੰਮਦ ਹਫੀਜ਼ ਨੇ 253, ਹੈਰਿਸ ਸੋਹੇਲ ਨੇ 198 ਤੇ ਫਖਰ ਜ਼ਮਾਨ ਨੇ 186 ਦੌੜਾਂ ਬਣਾਈਆਂ। ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ 17, ਸ਼ਾਹੀਨ ਸ਼ਾਹ ਅਫਰੀਦੀ ਨੇ 16, ਵਹਾਬ ਰਿਆਜ਼ ਨੇ 11 ਤੇ ਸ਼ਾਦਾਬ ਖਾਨ ਨੇ 9 ਵਿਕਟਾਂ ਲਈਆਂ। ਅਫਰੀਦੀ ਨੇ ਆਪਣੀਆਂ 16 ਵਿਕਟਾਂ ਸਿਰਫ 5 ਮੈਚਾਂ ਵਿਚ ਲਈਆਂ ਹਨ, ਜਿਸ ਵਿਚ ਬੰਗਲਾਦੇਸ਼ ਵਿਰੁੱਧ ਆਖਰੀ ਮੈਚ ਦੀਆਂ 6 ਵਿਕਟਾਂ ਸ਼ਾਮਲ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਨੇ ਅਫਰੀਕੀ ਨੂੰ ਸਿਰਫ 5 ਮੈਚ ਖੇਡਣ ਦਾ ਹੀ ਮੌਕਾ ਦਿੱਤਾ ਗਿਆ। ਪਾਕਿਸਤਾਨ ਦੇ ਚੋਟੀਕ੍ਰਮ ਨੇ ਉਸ ਅੰਦਾਜ਼ ਵਿਚ ਦੌੜਾਂ ਨਹੀਂ ਬਣਾਈਆਂ, ਜਿਵੇਂ ਉਸ ਤੋਂ ਉਮੀਦ ਕੀਤੀ ਜਾ ਰਹੀ ਸੀ। ਖੁਦ ਕਪਤਾਨ ਸਰਫਰਾਜ਼ ਅਹਿਮਦ ਬੱਲੇ ਨਾਲ ਸੁਪਰ ਫਲਾਪ ਰਿਹਾ ਤੇ 8 ਮੈਚਾਂ ਵਿਚ 28.60 ਦੀ ਔਸਤ ਨਾਲ 143 ਦੌੜਾਂ ਹੀ ਬਣਾ ਸਕਿਆ। ਪਾਕਿਸਤਾਨ ਨੂੰ ਆਪਣੇ ਪ੍ਰਦਰਸ਼ਨ 'ਤੇ ਆਤਮਮੰਧਨ ਕਰਨਾ ਪਵੇਗਾ ਕਿ ਆਖਿਰ ਉਸ ਤੋਂ ਕਿੱਥੇ ਗਲਤੀ ਹੋਈ।