ਪਾਕਿ ਨੂੰ ਸੱਦਾ ਦਿੱਤਾ ਗਿਆ ਹੈ, ਵੀਜ਼ਾ ਦੇਣਾ ਸਰਕਾਰ ਦਾ ਕੰਮ : AFI

06/21/2017 5:51:49 PM

ਨਵੀਂ ਦਿੱਲੀ— ਪਾਕਿਸਤਾਨ ਦਾ ਭੁਵਨੇਸ਼ਵਰ 'ਚ 6 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲੈਣਾ ਅਜੇ ਵੀ ਯਕੀਨੀ ਨਹੀਂ ਹੈ ਕਿਉਂਕਿ ਭਾਰਤ ਸਰਕਾਰ ਨੇ ਅਜੇ ਤੱਕ ਉਸ ਦੇ ਖਿਡਾਰੀਆਂ ਦੇ ਲਈ ਵੀਜ਼ਾ ਜਾਰੀ ਨਹੀਂ ਕੀਤੇ ਹਨ। ਗੁਆਂਢੀ ਦੇਸ਼ ਬੰਗਲਾਦੇਸ਼ ਦੀ ਟੀਮ ਭੁਵਨੇਸ਼ਵਰ ਪਹੁੰਚ ਗਈ ਹੈ ਜਦਕਿ ਸ਼੍ਰੀਲੰਕਾ, ਭੂਟਾਨ ਅਤੇ ਮਾਲਦੀਵ ਦੀਆਂ ਟੀਮਾਂ ਵੀ ਅਗਲੇ ਕੁਝ ਦਿਨਾਂ 'ਚ ਉੱਥੇ ਪਹੁੰਚ ਜਾਣਗੀਆਂ ਪਰ ਪਾਕਿਸਤਾਨ ਨੂੰ ਲੈ ਕੇ ਭਾਰਤੀ ਐਥਲੈਟਿਕਸ ਸੰਘ (ਏ.ਐੱਫ.ਆਈ.) ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਸੱਦਾ ਦਿੱਤਾ ਗਿਆ ਹੈ ਪਰ ਹੁਣ ਇਸ 'ਤੇ ਫੈਸਲਾ ਕਰਨਾ ਸਰਕਾਰ ਦਾ ਕੰਮ ਹੈ।

ਭਾਰਤੀ ਐਥਲੈਟਿਕਸ ਮਹਾਸੰਘ ਦੇ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਸੱਦਾ ਦਿੱਤਾ ਹੈ। ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਜ਼ਾਬਤੇ ਦੇ ਮੁਤਾਬਕ ਸਾਨੂੰ ਸਾਰੇ ਦੇਸ਼ਾਂ ਨੂੰ ਸੱਦਾ ਭੇਜਣਾ ਹੁੰਦਾ ਹੈ ਅਤੇ ਅਸੀਂ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਹੈ। ਉਸ ਨੇ ਆਪਣੀ ਸੂਚੀ ਭੇਜੀ ਹੈ। ਹੁਣ ਉਸ ਦੇ ਖਿਡਾਰੀਆਂ ਨੂੰ ਵੀਜ਼ਾ ਦੇਣਾ ਹੈ ਜਾਂ ਨਹੀਂ ਦੇਣਾ ਇਹ ਭਾਰਤ ਸਰਕਾਰ ਦਾ ਕੰਮ ਹੈ। ਉਨ੍ਹਾਂ ਤੋਂ ਪੱਛਿਆ ਗਿਆ ਕਿ ਪਾਕਿਸਤਾਨ ਨੇ ਕਿੰਨੇ ਐਥਲੀਟਾਂ ਦੀ ਸੂਚੀ ਭੇਜੀ ਹੈ, ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ 'ਚ ਨਹੀਂ ਦੱਸ ਸਕਦਾ। ਉਨ੍ਹਾਂ ਆਪਣੀ ਸੂਚੀ ਭੇਜੀ ਹੈ ਅਤੇ ਇਹ ਪ੍ਰਕਿਰਿਆ ਕੱਲ ਰਾਤ 12 ਵਜੇ ਸਮਾਪਤ ਹੋ ਗਈ ਹੈ। ਸਾਰੀਆਂ ਸੂਚੀਆਂ ਏਸ਼ੀਆਈ ਐਥਲੈਟਿਕਸ ਸੰਘ (ਏ.ਏ.ਏ.) ਦੇ ਕੋਲ ਗਈਆਂ ਹਨ।

ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਜਦ ਭਾਰਤ ਕ੍ਰਿਕਟ ਅਤੇ ਹਾਕੀ 'ਚ ਪਾਕਿਸਤਾਨ ਨਾਲ ਖੇਡ ਰਿਹਾ ਹੈ ਤਾਂ ਫਿਰ ਐਥਲੈਟਿਕਸ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਹੈ। ਸੁਮਰੀਵਾਲਾ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕੀਤਾ ਹੈ। ਅਸੀਂ ਆਪਣੇ ਵੱਲੋਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ। ਹੁਣ ਸਭ ਕੁਝ ਸਰਕਾਰ 'ਤੇ ਨਿਰਭਰ ਕਰਦਾ ਹੈ। ਭਾਰਤ ਭਾਵੇਂ ਕੌਮਾਂਤਰੀ ਟੂਰਨਾਮੈਂਟਾਂ 'ਚ ਪਾਕਿਸਤਾਨ ਦੇ ਨਾਲ ਕ੍ਰਿਕਟ ਅਤੇ ਹਾਕੀ ਮੈਚ ਖੇਡਦਾ ਹੈ ਪਰ ਸਰਕਾਰ ਨੇ ਸਪੱਸ਼ਟ ਕੀਤਾ ਹੋਇਆ ਹੈ ਕਿ ਜਦ ਤੱਕ ਸਰਹੱਦ ਪਾਰੋਂ ਅੱਤਵਾਦ ਬੰਦ ਨਹੀਂ ਹੁੰਦਾ ਤੱਦ ਤੱਕ ਉਹ ਗੁਆਂਢੀ ਦੇਸ਼ ਨਾਲ ਕੋਈ ਦੋ ਪੱਖੀ ਸੀਰੀਜ਼ ਨਹੀਂ ਖੇਡੇਗਾ।


Related News