ਅਕਰਮ ਦੇ ਪਿੱਛੇ ਹੱਟਣ ਨਾਲ ਪੀ.ਸੀ.ਬੀ. ਨੂੰ ਨਹੀਂ ਮਿਲ ਰਿਹਾ ਮੁੱਖ ਚੋਣਕਰਤਾ
Thursday, Dec 10, 2020 - 01:41 PM (IST)
ਕਰਾਚੀ (ਭਾਸ਼ਾ) : ਸਾਬਕਾ ਤੇਜ਼ ਗੇਂਦਬਾਜ ਮੁਹੰਮਦ ਅਕਰਮ ਨੇ ਚੋਣ ਦੀ ਮੌਜੂਦਾ ਵਿਵਸਥਾ ਵਿਚ ਕੰਮ ਕਰਣ ਤੋਂ ਇਨਕਾਰ ਕਰਦੇ ਹੋਏ ਨਾਮ ਵਾਪਸ ਲੈ ਲਿਆ ਹੈ, ਜਿਸ ਦੇ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਨਵਾਂ ਮੁੱਖ ਚੋਣਕਰਤਾ ਨਹੀਂ ਮਿਲ ਪਾ ਰਿਹਾ।
ਜਾਣਕਾਰ ਸੂਤਰਾਂ ਨੇ ਦੱਸਿਆ ਕਿ ਅਕਰਮ ਇਸ ਅਹੁਦੇ ਲਈ ਪਹਿਲੀ ਪਸੰਦ ਸਨ ਪਰ ਉਨ੍ਹਾਂ ਨੇ ਸ਼ਰਤ ਰੱਖੀ ਕਿ ਚੋਣ ਨੂੰ ਲੈ ਕੇ ਪੁਰਾਣੀ ਵਿਵਸਥਾ ਲਾਗੂ ਕੀਤੀ ਜਾਵੇ। ਪੁਰਾਣੀ ਵਿਵਸਥਾ ਵਿਚ ਬੋਰਡ ਮੁੱਖ ਚੋਣਕਰਤਾ ਦੀ ਅਗਵਾਈ ਵਿਚ 3 ਜਾਂ 5 ਮੈਂਬਰੀ ਰਾਸ਼ਟਰੀ ਚੋਣ ਕਮੇਟੀ ਦਾ ਗਠਨ ਕਰਦਾ ਹੈ, ਜੋ ਟੀਮਾਂ ਨੂੰ ਚੁਣਦੀ ਹੈ ਅਤੇ ਉਸ 'ਤੇ ਬੋਰਡ ਪ੍ਰਧਾਨ ਮਨਜੂਰੀ ਜਤਾਉਂਦੇ ਹਨ। ਨਵੀਂ ਵਿਵਸਥਾ ਅਕਤੂਬਰ 2019 ਤੋਂ ਲਾਗੂ ਹੋਈ, ਜਿਸ ਵਿਚ ਰਾਸ਼ਟਰੀ ਟੀਮ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਸਨ ਜੋ ਮੁੱਖ ਚੋਣਕਰਤਾ ਵੀ ਹਨ। ਇਸ ਦੇ ਇਲਾਵਾ ਕਮੇਟੀ ਦੇ ਬਾਕੀ ਮੈਂਬਰ 6 ਰਾਜਸੀ ਟੀਮਾਂ ਦੇ ਮੁੱਖ ਕੋਚ ਹੁੰਦੇ ਹਨ।
ਸੂਤਰ ਨੇ ਕਿਹਾ, 'ਅਕਰਮ ਨੇ ਕਿਹਾ ਕਿ ਉਹ ਮੌਜੂਦਾ ਵਿਵਸਥਾ ਵਿਚ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬੋਰਡ ਨੂੰ ਉਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਹਨ ਤਾਂ ਪੁਰਾਣੀ ਵਿਵਸਥਾ ਲਾਗੂ ਕਰਣੀ ਹੋਵੇਗੀ।' ਮਿਸਬਾਹ ਨੇ ਮੁੱਖ ਚੋਣਕਰਤਾ ਦੇ ਅਹੁਦੇ ਤੋਂ ਹਾਲ ਹੀ ਵਿਚ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਕੋਚ ਦੇ ਰੂਪ ਵਿਚ ਆਪਣੀ ਜ਼ਿੰਮੇਦਾਰੀ ਨਿਭਾਉਣ ਵਿਚ ਉਨ੍ਹਾਂ ਨੂੰ ਮੁਸ਼ਕਲ ਹੋ ਰਹੀ ਸੀ ਲਿਹਾਜਾ ਉਹ ਇਕ ਹੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।