ਪਾਕਿਸਤਾਨ ਨੇ ਕੀਤਾ T20 ਵਿਸ਼ਵ ਕੱਪ ਦਾ ਬਾਈਕਾਟ, ਤਾਂ ICC ਕਰੇਗੀ 4 ਵੱਡੀਆਂ ਕਾਰਵਾਈਆਂ

Tuesday, Jan 27, 2026 - 08:10 PM (IST)

ਪਾਕਿਸਤਾਨ ਨੇ ਕੀਤਾ T20 ਵਿਸ਼ਵ ਕੱਪ ਦਾ ਬਾਈਕਾਟ, ਤਾਂ ICC ਕਰੇਗੀ 4 ਵੱਡੀਆਂ ਕਾਰਵਾਈਆਂ

ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਟੀ-20 ਵਰਲਡ ਕੱਪ ਦੇ ਬਾਈਕਾਟ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਹੁਣ ਪਾਕਿਸਤਾਨ ਕ੍ਰਿਕਟ ਬੋਰਡ (PCB) ਲਈ ਵੱਡੀ ਮੁਸੀਬਤ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਰਿਪੋਰਟਾਂ ਮੁਤਾਬਕ ਜੇਕਰ ਪਾਕਿਸਤਾਨ ਇਸ ਟੂਰਨਾਮੈਂਟ ਦਾ ਬਾਈਕਾਟ ਕਰਦਾ ਹੈ, ਤਾਂ ਉਸ ਨੂੰ ਭਾਰੀ ਵਿੱਤੀ ਨੁਕਸਾਨ ਦੇ ਨਾਲ-ਨਾਲ ਕੌਮਾਂਤਰੀ ਪੱਧਰ 'ਤੇ ਵੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

350 ਕਰੋੜ ਦਾ ਹੋ ਸਕਦਾ ਹੈ ਮੁਕੱਦਮਾ 
ਪਾਕਿਸਤਾਨੀ ਮੀਡੀਆ ਅਨੁਸਾਰ, ਜੇਕਰ ਪੀ.ਸੀ.ਬੀ. ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਲੈਂਦਾ ਹੈ, ਤਾਂ ਉਸ 'ਤੇ 38 ਮਿਲੀਅਨ ਡਾਲਰ (ਲਗਭਗ 350 ਕਰੋੜ ਰੁਪਏ) ਦਾ ਮੁਕੱਦਮਾ ਹੋ ਸਕਦਾ ਹੈ। ਖਾਸ ਤੌਰ 'ਤੇ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਹਾਈ-ਵੋਲਟੇਜ ਮੈਚ ਰੱਦ ਹੁੰਦਾ ਹੈ, ਤਾਂ ਬ੍ਰੌਡਕਾਸਟਰ (ਪ੍ਰਸਾਰਕ) ਮੁਆਵਜ਼ੇ ਲਈ ਪੀ.ਸੀ.ਬੀ. ਨੂੰ ਅਦਾਲਤ ਵਿੱਚ ਘਸੀਟ ਸਕਦੇ ਹਨ, ਕਿਉਂਕਿ ਇਸ ਮੈਚ 'ਤੇ ਕਰੋੜਾਂ ਰੁਪਏ ਦਾ ਦਾਅ ਲੱਗਿਆ ਹੋਇਆ ਹੈ।

ICC ਲੈ ਸਕਦੀ ਹੈ ਇਹ 4 ਸਖ਼ਤ ਫੈਸਲੇ 
ਜੇਕਰ ਪਾਕਿਸਤਾਨ ਐਗਰੀਮੈਂਟ ਤੋੜਦਾ ਹੈ ਤਾਂ ਆਈ.ਸੀ.ਸੀ. (ICC) ਹੇਠ ਲਿਖੀਆਂ ਕਾਰਵਾਈਆਂ ਕਰ ਸਕਦੀ ਹੈ:
• ਵੱਡੇ ਟੂਰਨਾਮੈਂਟਾਂ ਤੋਂ ਬਾਹਰ: ਪਾਕਿਸਤਾਨ ਨੂੰ ਭਵਿੱਖ ਦੇ ਸਾਰੇ ਗਲੋਬਲ ਟੂਰਨਾਮੈਂਟਾਂ ਜਿਵੇਂ ਕਿ ਵਰਲਡ ਕੱਪ ਅਤੇ ਚੈਂਪੀਅਨਜ਼ ਟਰਾਫੀ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ।
• ਏਸ਼ੀਆ ਕੱਪ 'ਤੇ ਰੋਕ: ਪਾਕਿਸਤਾਨੀ ਟੀਮ ਨੂੰ ਏਸ਼ੀਆ ਕੱਪ ਵਰਗੇ ਅਹਿਮ ਟੂਰਨਾਮੈਂਟਾਂ ਤੋਂ ਵੀ ਬਾਹਰ ਕੀਤਾ ਜਾ ਸਕਦਾ ਹੈ।
• PSL 'ਤੇ ਸੰਕਟ: ਪਾਕਿਸਤਾਨ ਸੁਪਰ ਲੀਗ (PSL) ਵਿੱਚ ਖੇਡਣ ਲਈ ਕੋਈ ਵੀ ਦੂਜਾ ਕ੍ਰਿਕਟ ਬੋਰਡ ਆਪਣੇ ਖਿਡਾਰੀਆਂ ਨੂੰ NOC ਨਹੀਂ ਦੇਵੇਗਾ, ਜਿਸ ਨਾਲ ਇਹ ਲੀਗ ਪੂਰੀ ਤਰ੍ਹਾਂ ਫਲਾਪ ਹੋ ਸਕਦੀ ਹੈ।
• ਕ੍ਰਿਕਟ ਦੀ ਬਰਬਾਦੀ: ਇਨ੍ਹਾਂ ਸਖ਼ਤ ਫੈਸਲਿਆਂ ਕਾਰਨ ਪਾਕਿਸਤਾਨੀ ਕ੍ਰਿਕਟ ਪੂਰੀ ਤਰ੍ਹਾਂ ਬਰਬਾਦੀ ਦੇ ਕੰਢੇ ਪਹੁੰਚ ਸਕਦੀ ਹੈ।

ਸਰਕਾਰ ਦੇ ਫੈਸਲੇ ਦਾ ਇੰਤਜ਼ਾਰ 
ਪੀ.ਸੀ.ਬੀ. ਦੇ ਚੇਅਰਮੈਨ ਮੋਹਸਿਨ ਨਕਵੀ ਲਗਾਤਾਰ ਇਸ ਮਾਮਲੇ 'ਤੇ ਬਿਆਨਬਾਜ਼ੀ ਕਰ ਰਹੇ ਹਨ, ਪਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਬਾਰੇ ਅੰਤਿਮ ਫੈਸਲਾ ਪਾਕਿਸਤਾਨੀ ਸਰਕਾਰ ਵੱਲੋਂ ਲਿਆ ਜਾਵੇਗਾ। ਇਹ ਫੈਸਲਾ ਆਉਣ ਵਾਲੇ ਸੋਮਵਾਰ ਤੱਕ ਆਉਣ ਦੀ ਉਮੀਦ ਹੈ। ਹਾਲਾਂਕਿ, ਆਈ.ਸੀ.ਸੀ. ਦੇ ਸਖ਼ਤ ਨਿਯਮਾਂ ਨੂੰ ਦੇਖਦੇ ਹੋਏ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਸ਼ਾਇਦ ਹੀ ਬਾਈਕਾਟ ਕਰਨ ਦਾ ਜੋਖਮ ਉਠਾਏਗਾ।
 


author

Inder Prajapati

Content Editor

Related News