ਪਾਕਿ ਮਹਿਲਾ ਕ੍ਰਿਕਟਰ ਦਾ ਛਲਕਿਆ ਦਰਦ, ਅਸੀਂ ਤਾਂ WPL ਦੀ ਨਿਲਾਮੀ ਸਿਰਫ਼ ਫੋਨ ’ਤੇ ਹੀ ਦੇਖ ਸਕਦੀਆਂ
Tuesday, Feb 14, 2023 - 01:46 PM (IST)

ਕੇਪਟਾਊਨ (ਭਾਸ਼ਾ)– ਨੌਜਵਾਨ ਆਇਸ਼ਾ ਨਸੀਮ ਨੇ ਭਾਵੇਂ ਹੀ ਟੀ-20 ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਆਪਣੀ ਬੱਲੇਬਾਜ਼ੀ ਨਾਲ ਕ੍ਰਿਕਟ ਜਗਤ ਨੂੰ ਪ੍ਰਭਾਵਿਤ ਕੀਤਾ ਹੋਵੇ ਪਰ ਉਸਦੀ ਕਪਤਾਨ ਮਿਸਬਾਹ ਮਾਰੂਫ ਨੂੰ ਇਸ ਗੱਲ ਦਾ ਦੁਖ ਹੈ ਕਿ ਪਾਕਿਸਤਾਨ ਮਹਿਲਾ ਕ੍ਰਿਕਟਰ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੀ ਨਿਲਾਮੀ ਦਾ ਹਿੱਸਾ ਨਹੀਂ ਹੋਵੇਗੀ।
ਮਿਸਬਾਹ ਤੇ ਨੌਜਵਾਨ ਆਇਸ਼ਾ ਦੀਆਂ ਪਾਰੀਆਂ ਨਾਲ ਪਾਕਿਸਤਾਨ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਮੁਕਾਬਲੇ ਵਿਚ ਸਖਤ ਚੁਣੌਤੀ ਦਿੱਤੀ ਪਰ ਸੋਮਵਾਰ ਨੂੰ ਜਦੋਂ ਦੱਖਣੀ ਅਫਰੀਕਾ ਵਿਚ ਮੌਜੂਦ ਜ਼ਿਆਦਾਤਰ ਚੋਟੀ ਦੀਆਂ ਮਹਿਲਾ ਖਿਡਾਰਨਾਂ ਡਬਲਯੂ. ਪੀ. ਐੱਲ. ਦੀ ਨਿਲਾਮੀ ਵਿਚ ਕਿਸੇ ਟੀਮ ਨਾਲ ਜੁੜਨ ਦੀ ਉਮੀਦ ਕਰ ਰਹੀਆਂ ਹੋਣਗੀਆਂ, ਉਦੋਂ ਪਾਕਿਸਤਾਨੀ ਲੜਕੀਆਂ ਇਸ ਨੂੰ ਸਿਰਫ਼ ਆਪਣੇ ਫੋਨ ’ਤੇ ਦੇਖ ਹੀ ਸਕਣਗੀਆਂ। ਪਾਕਿਸਤਾਨੀ ਖਿਡਾਰੀਆਂ (ਪੁਰਸ਼ ਤੇ ਮਹਿਲਾ) ਨੂੰ ਬੀ. ਸੀ. ਸੀ.ਆਈ. ਦੀਆਂ ਪ੍ਰਮੁੱਖ ਪ੍ਰਤੀਯੋਗਿਤਾਵਾਂ ਆਈ. ਪੀ. ਐੱਲ. ਤੇ ਹੁਣ ਡਬਲਯੂ. ਪੀ. ਐੱਲ. ਵਿਚ ਖੇਡਣ ਦੀ ਮਨਜ਼ੂਰੀ ਨਹੀਂ ਹੈ।