ਪੇਜੀ ਨੂੰ ਇਸ ਵਾਰ ਦੇਰ ਨਾਲ ਯਾਦ ਆਇਆ ਵੈਲੇਨਟਾਈਨ ਡੇ!
Thursday, Feb 20, 2020 - 11:34 PM (IST)
ਨਵੀਂ ਦਿੱਲੀ - ਅਮਰੀਕੀ ਮਾਡਲ ਤੇ ਸਾਬਕਾ ਗੋਲਫਰ ਪੇਜੀ ਸਪੀਯਰਨੇਕ ਗਲਮੈਰ ਦੇ ਦਮ 'ਤੇ ਨਵੇਂ ਮੁਕਾਮ ਹਾਸਲ ਕਰਨ ਵਲ ਵਧ ਰਹੀ ਹੈ। ਗੋਲਫ ਦੇ ਮੈਦਾਨ 'ਤੇ ਤਾਂ ਉਹ ਕੋਈ ਕਮਾਲ ਨਹੀਂ ਕਰ ਸਕੀ ਪਰ ਬਿੰਦਾਸ ਅਦਾਵਾਂ ਕਾਰਣ ਉਸਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 21 ਲੱਖ ਤਕ ਪਹੁੰਚ ਚੁੱਕੀ ਹੈ। ਪੇਜੀ ਨੇ ਪਿਛਲੇ ਹਫਤੇ ਆਪਣਾ ਪਾਡਕਾਸਟ ਸ਼ੁਰੂ ਕਰਨ ਦੀ ਜਾਣਕਾਰੀ ਆਪਣੇ ਚਾਹੁਣ ਵਾਲਿਆਂ ਨੂੰ ਦਿੱਤੀ। ਉਸ ਨੇ ਲਿਖਿਆ, ''ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ ਇਸਦਾ ਪਹਿਲਾ ਐਪੀਸੋਡ ਅਸੀਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ। ਆਉਣ ਵਾਲੇ ਦਿਨਾਂ ਵਿਚ ਤੁਹਾਡੇ ਨਾਲ ਹੋਰ ਵੀ ਨਿੱਜੀ ਤਜਰਬੇ ਸਾਂਝੇ ਕਰਾਂਗੀ।''
ਇਸ ਦੇ ਤਹਿਤ ਪੇਜੀ ਨੇ ਰਿਵੇਰੀਆ ਕੰਟਰੀ ਕਲੱਬ ਵਿਚ ਪਹਿਲੇ ਗੋਲਫ ਟੂਰਨਾਮੈਂਟ ਦੀ ਕਵਰੇਜ ਕੀਤੀ। ਹਾਲਾਂਕਿ ਉਸਦੀ ਰਿਪੋਰਟਿੰਗ ਤੋਂ ਵੱਧ ਉਸਦੀਆਂ ਬਿੰਦਾਸ ਫੋਟੋਆਂ ਤੇ ਵੀਡੀਓ ਵਿਚ ਲੋਕਾਂ ਨੂੰ ਦਿਲਚਸਪੀ ਨਜ਼ਰ ਆਈ। ਮਜ਼ੇ ਦੀ ਗੱਲ ਇਹ ਹੈ ਕਿ ਪੇਜੀ ਕੰਮ ਦੇ ਚੱਕਰ ਵਿਚ ਇਸ ਵਾਰ ਆਪਣੇ ਚਾਹੁਣ ਵਾਲਿਆਂ ਨੂੰ ਵੈਲੇਨਟਾਈਨ ਡੇ ਦੀਆਂ ਸ਼ੁੱਭਕਾਮਨਾਵਾਂ ਦੇਣਾ ਤਕ ਭੁੱਲ ਗਈ ਪਰ ਬਾਅਦ ਵਿਚ ਗਲਤੀ ਸੁਧਾਰਦੇ ਹੋਏ ਉਸ ਨੇ ਅਜਿਹਾ ਕੀਤਾ ਤਾਂ ਫਾਲੋਅਰਜ਼ ਨੇ ਕੋਈ ਬੁਰਾ ਨਹੀਂ ਮੰਨਿਆ।
ਪੇਜੀ ਨੇ ਨਵੇਂ ਸਾਲ ਦੀ ਮੁਬਾਰਕਬਾਦ ਵੀ ਬਾਅਦ ਵਿਚ ਕਈ ਦਿਨਾਂ ਬਾਅਦ ਦਿੱਤੀ ਸੀ। ਹਾਲਾਂਕਿ ਉਦੋਂ ਉਹ ਆਪਣੇ ਬੁਆਏਫ੍ਰੈਂਡ ਸਟੀਵਨ ਟਿਨੋਕੋ ਨਾਲ ਛੁੱਟੀਆਂ ਦਾ ਮਜ਼ਾ ਲੈ ਰਹੀ ਸੀ। ਉਸਦੀਆਂ ਗਤੀਵਿਧੀਆਂ ਤੋਂ ਕੋਈ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਸ ਦਾ ਕੋਈ ਬੁਆਏਫ੍ਰੈਂਡ ਵੀ ਹੈ। ਪੇਜੀ ਦਾ ਤਕਰੀਬਨ 3 ਸਾਲ ਪਹਿਲਾਂ ਅਮਰੀਕੀ ਬੇਸਬਾਲਰ ਤੇ ਫਿੱਟਨੈੱਸ ਟ੍ਰੇਨਰ ਸਟੀਵਨ ਟਿਨੋਕੋ ਨਾਲ ਪ੍ਰੇਮ ਸਬੰਧ ਸ਼ੁਰੂ ਹੋਇਆ ਤੇ ਫਿਰ ਮੰਗਣੀ ਹੋਈ। ਪੇਜੀ ਨੇ ਪਿਛਲੇ ਸਾਲ ਮਈ ਵਿਚ ਆਮੇਗਾ ਦੁਬਈ ਮੂਨਲਾਈਟ ਕਲਾਸਿਕ ਗੋਲਫ ਟੂਰਨਾਮੈਂਟ ਵਿਚ ਪਹਿਲੀ ਵਾਰ ਲਾਈਵ ਰਿਪੋਰਟਿੰਗ ਕੀਤੀ ਸੀ। ਪੇਜੀ 2015 ਵਿਚ ਦੁਬਈ ਡੈਜ਼ਰਟ ਕਲਾਸਿਕ ਟੂਰਨਾਮੈਂਟ ਦੌਰਾਨ ਪਹਿਲੀ ਵਾਰ ਚਰਚਾ ਵਿਚ ਰਹੀ ਸੀ। ਸਪੋਰਟਸ ਇਲੈਸਟ੍ਰੇਟੇਡ ਮੈਗਜ਼ੀਨ ਉਸ ਨੂੰ ਆਪਣੇ ਕਵਰਪੇਜ 'ਤੇ ਜਗ੍ਹਾ ਦੇ ਚੁੱਕੀ ਹੈ।