ਸਾਡੀ ਟੀਮ ਏਸ਼ੀਆ ਕੱਪ ’ਚ ਬਿਹਤਰ ਪ੍ਰਦਰਸ਼ਨ ਨੂੰ ਲੈ ਕੇ ਆਸਵੰਦ ਸੀ : ਸੁਮਨ
Friday, Jul 03, 2020 - 01:21 AM (IST)
ਇੰਫਾਲ (ਮਣੀਪੁਰ)– ਜੂਨੀਅਰ ਭਾਰਤੀ ਹਾਕੀ ਟੀਮ ਦੀ ਕਪਤਾਨ ਸੁਮਨ ਦੇਵੀ ਥੋਡਸ ਨੇ ਕਿਹਾ ਹੈ ਕਿ ਜੂਨੀਅਰ ਭਾਰਤੀ ਬੀਬੀਆਂ ਦੀ ਹਾਕੀ ਦੀ ਟੀਮ ਜਾਪਾਨ ਵਿਚ ਹੋਣ ਵਾਲੇ 2020 ਜੂਨੀਅਰ ਏਸ਼ੀਆ ਕੱਪ ਵਿਚ ਚੰਗਾ ਪ੍ਰਦਰਸ਼ਨ ਕਰਨ ਨੂੰ ਲੈ ਕੇ ਆਸਵੰਦ ਸੀ ਪਰ ਦੇਸ਼ ਵਿਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਮੱਦੇਨਜ਼ਰ ਕੀਤੀ ਗਈ ਤਾਲਾਬੰਦੀ ਦੇ ਕਾਰਣ ਇਸਦੀਆਂ ਤਿਆਰੀਆਂ ਫਿਲਹਾਲ ਰੁਕ ਗਈਆਂ ਹਨ। 2020 ਬੀਬੀਆਂ ਦੀ ਹਾਕੀ ਜੂਨੀਅਰ ਏਸ਼ੀਆ ਕੱਪ ਦੀ ਸ਼ੁਰੂਆਤ ਇਸ ਸਾਲ ਜਾਪਾਨ ਵਿਚ 6 ਅਪ੍ਰੈਲ ਤੋਂ ਹੋਣੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਇਸ ਟੂਰਨਾਮੈਂਟ ਨੂੰ ਮੁਲਤਵੀ ਕਰਨਾ ਪਿਆ ।
ਸੁਮਨ ਨੇ ਕਿਹਾ,‘‘ਅਸੀਂ ਮਾਰਚ ਦੇ ਪਹਿਲੇ ਹਫਤੇ ਵਿਚ ਨੈਸ਼ਨਲ ਕੋਚਿੰਗ ਕੈਂਪ ਵਿਚ ਸੀ ਤੇ ਅਸੀਂ ਜੂਨੀਅਰ ਏਸ਼ੀਆ ਕੱਪ ਵਿਚ ਬਹੁਤ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰੀ ਕਰ ਰਹੇ ਸੀ ਕਿਉਂਕਿ ਏਸ਼ੀਆ ਕੱਪ ਵਿਚ ਚੰਗੀ ਖੇਡ ਦਾ ਲਾਭ ਸਾਨੂੰ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਐੱਫ. ਆਈ . ਐੱਚ. ਜੂਨੀਅਰ ਵਿਸ਼ਵ ਕੱਪ 2021 ਵਿਚ ਮਿਲਦਾ।’’ ਸੁਮਨ ਨੇ ਪਿਛਲੇ ਸਾਲ ਚਾਰ ਦੇਸ਼ਾਂ ਦੇ ਕੈਂਟਰ ਫਿਟਜੋਰਾਲਡ ਅੰਡਰ-21 ਟੂਰਨਾਮੈਂਟ ਤੇ ਬੇਲਾਰੂਸ ਟੂਰ ਵਿਚ ਭਾਰਤੀ ਟੀਮ ਦੀ ਸਫਲਤਾਪੂਰਵਕ ਅਗਵਾਈ ਕੀਤੀ ਸੀ। ਉਸ ਨੇ ਪਿਛਲੇ ਸਾਲ ਦਸੰਬਰ ਵਿਚ ਆਸਟਰੇਲੀਆ ਵਿਚ ਹੋਏ ਤਿੰਨ ਦੇਸ਼ਾਂ ਦੇ ਟੂਰਨਾਮੈਂਟ ਵਿਚ ਟੀਮ ਦੇ ਬਿਹਤਰੀਨ ਪ੍ਰਦਰਸ਼ਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।