ਪ੍ਰੋ ਲੀਗ ਦਾ ਹਰੇਕ ਮੈਚ ਜਿੱਤਣਾ ਤੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਸਾਡਾ ਟੀਚਾ : ਹਰਮਨਪ੍ਰੀਤ ਸਿੰਘ
Saturday, Feb 15, 2025 - 11:08 AM (IST)

ਭੁਵਨੇਸ਼ਵਰ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੀ ਟੀਮ ਦਾ ਟੀਚਾ ਐੱਫ. ਆਈ. ਐੱਚ. ਪ੍ਰੋ ਲੀਗ ਦੇ ਹਰੇਕ ਮੈਚ ਨੂੰ ਜਿੱਤਣਾ ਤੇ ਲੀਗ ਵਿਚ ਚੋਟੀ ’ਤੇ ਰਹਿ ਕੇ 2026 ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨਾ ਹੈ। ਭਾਰਤ ਇਸ ਤੋਂ ਬਾਅਦ ਅਗਲੇ ਦਿਨ ਫਿਰ ਤੋਂ ਸਪੇਨ ਦਾ ਸਾਹਮਣਾ ਕਰੇਗਾ। ਇਸ ਤੋਂ ਬਾਅਦ ਉਹ 16 ਤੇ 19 ਫਰਵਰੀ ਨੂੰ ਜਰਮਨੀ ਵਿਚ ਖੇਡੇਗਾ।
ਹਰਮਨਪ੍ਰੀਤ ਨੇ ਕਿਹਾ, ‘‘ਹਾਕੀ ਇੰਡੀਆ ਲੀਗ ਨਾਲ ਸਾਡਾ ਅਭਿਆਸ ਚੰਗਾ ਚੱਲ ਰਿਹਾ ਹੈ। ਅਸੀਂ ਮਹੀਨਿਆਂ ਤੋਂ ਤਿਆਰੀ ਕਰ ਰਹੇ ਹਾਂ। ਐੱਚ. ਆਈ. ਐੱਲ. ਤੋਂ ਬਹੁਤ ਕੁਝ ਸਿੱਖਿਆ ਹੈ। ਅਸੀਂ ਆਪਣੀ ਫਿਟਨੈੱਸ ਬਣਾਈ ਰੱਖਣ ਵਿਚ ਸਮਰੱਥ ਹਾਂ।’’
ਉਸ ਨੇ ਕਿਹਾ,‘‘ਅਸੀਂ ਸਿਰਫ ਚੰਗੀ ਹਾਕੀ ਖੇਡਣਾ ਚਾਹੁੰਦੇ ਹਾਂ, ਸਾਰੇ ਖਿਡਾਰੀ ਚੰਗੀ ਸਥਿਤੀ ਵਿਚ ਹਨ ਤੇ ਸਾਡਾ ਟੀਚਾ ਵਿਸ਼ਵ ਕੱਪ ਨੂੰ ਦੇਖਦੇ ਹੋਏ (ਪ੍ਰੋ ਲੀਗ ਵਿਚ) ਹਰ ਮੈਚ ਜਿੱਤਣਾ ਹੈ।’’
ਪੁਰਸ਼ ਹਾਕੀ ਵਿਸ਼ਵ ਕੱਪ 14 ਤੋਂ 30 ਅਗਸਤ 2026 ਤੱਕ ਵੇਵਰੇ, ਬੈਲਜੀਅਮ ਤੇ ਅਮਸਟੇਲਵੀਨ, ਨੀਦਰਲੈਂਡ ਵਿਚ ਆਯੋਜਿਤ ਕੀਤਾ ਜਾਵੇਗਾ।
ਮੌਜੂਦਾ ਸਮੇਂ ਵਿਚ ਦੁਨੀਆ ਦੇ ਸਰਵੋਤਮ ਡ੍ਰੈਗ ਫਲਿੱਕਰਾਂ ਵਿਚੋਂ ਇਕ ਹਰਮਨਪ੍ਰੀਤ ਨੇ ਐੱਚ. ਆਈ. ਐੱਲ. ਦੇ ਟਾਪ ਸਕੋਰਰ ਜੁਗਰਾਜ ਸਿੰਘ ਦੀ ਫਲਿੱਕ ਕਰਨ ਦੀ ਸਮੱਰਥਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਘਰੇਲੂ ਖਿਡਾਰੀਆਂ ਦਾ ਇਸ ਤਰ੍ਹਾਂ ਨਾਲ ਸਾਹਮਣੇ ਆਉਣਾ ਰਾਸ਼ਟਰੀ ਟੀਮ ਲਈ ਚੰਗਾ ਸੰਕੇਤ ਹੈ।
ਉਸ ਨੇ ਕਿਹਾ, ‘‘ਅਸੀਂ ਐੱਚ. ਆਈ. ਐੱਲ. ਵਿਚ ਕੁਝ ਚੰਗੇ ਘਰੇਲੂ ਖਿਡਾਰੀ ਦੇਖੇ ਹਨ। ਇਹ ਨੌਜਵਾਨਾਂ ਲਈ ਇਕ ਚੰਗਾ ਮੌਕਾ ਸੀ ਤੇ ਉਨ੍ਹਾਂ ਨੇ ਇਸਦਾ ਪੂਰਾ ਫਾਇਦਾ ਚੁੱਕਿਆ। ਜੁਗਰਾਜ ਨੇ ਸਭ ਤੋਂ ਵੱਧ ਗੋਲ ਕੀਤੇ ਤੇ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਮੈਂ ਉਸਦੇ ਲਈ ਖੁਸ਼ ਹਾਂ ਤੇ ਇਹ ਰਾਸ਼ਟਰੀ ਟੀਮ ਲਈ ਵੀ ਫਾਇਦੇਮੰਦ ਹੈ।’’
ਹਰਮਨਪ੍ਰੀਤ ਨੇ ਨਾਲ ਹੀ ਕਿਹਾ ਕਿ ਉਸਦੀ ਟੀਮ ਸਪੇਨ ਨੂੰ ਹਲਕੇ ਵਿਚ ਲੈਣ ਦੀ ਗਲਤੀ ਨਹੀਂ ਕਰੇਗੀ। ਉਸ ਨੇ ਕਿਹਾ, ‘‘ਸਪੇਨ ਦੀ ਟੀਮ ਬਹੁਤ ਚੰਗੀ ਹੈ ਤੇ ਅਸੀਂ ਉਸ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਸਾਡਾ ਧਿਆਨ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਮੈਚ ਜਿੱਤਣ ’ਤੇ ਹੈ।’’