ਕੋਟਿਫ ਕੱਪ ਖੁਦ ਨੂੰ ਪਰਖਣ ਦਾ ਮੌਕਾ : ਅਦਿੱਤੀ

07/28/2018 1:01:56 AM

ਨਵੀਂ ਦਿੱਲੀ— ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਗੋਲਕੀਪਰ ਅਦਿਤੀ ਚੌਹਾਨ ਨੇ ਕੋਟਿਫ ਟੂਰਨਾਮੈਂਟ ਨੂੰ ਓਸ਼ੀਆ 'ਚੋਂ ਬਾਹਰ ਖੁਦ ਨੂੰ ਪਰਖਣ ਦਾ ਸ਼ਾਨਦਾਰ ਮੌਕਾ ਕਰਾਰ ਦਿੰਦਿਆਂ ਕਿਹਾ ਕਿ ਟੀਮ ਵਿਚ ਕਈ ਨੌਜਵਾਨ ਖਿਡਾਰਨਾਂ ਹਨ, ਜਿਹੜੀਆਂ ਸਰੀਰਕ ਤੌਰ 'ਤੇ ਮਜ਼ਬੂਤ ਵਿਰੋਧੀ ਟੀਮਾਂ ਵਿਰੁੱਧ ਖੇਡਣ ਦੀ ਚੁਣੌਤੀ ਨਾਲ ਨਜਿੱਠਣਗੀਆਂ। ਭਾਰਤੀ ਟੀਮ ਸਪੇਨ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ 1 ਤੋਂ 6 ਅਗਸਤ ਤਕ ਵੱਖ-ਵੱਖ ਟੀਮਾਂ ਨਾਲ 4 ਮੈਚ ਖੇਡੇਗੀ।
ਅਦਿੱਤੀ ਨੇ ਕਿਹਾ ਦੱਖਣੀ ਏਸ਼ੀਆਈ ਫੁੱਟਬਾਲ ਵਿਚ ਅਸੀਂ ਹਾਲ ਹੀ ਦੇ ਸਾਲਾਂ ਵਿਚ ਆਪਣਾ ਦਬਦਬਾ ਬਣਾਇਆ ਹੈ। ਇਸ 'ਕੋਟਿਫ' ਟੂਰਨਾਮੈਂਟ ਤੋਂ ਸਾਨੂੰ ਇਹ ਪਤਾ ਲੱਗੇਗਾ ਕਿ ਵਿਸ਼ਵ ਪੱਧਰੀ ਯੂਰਪੀਅਨ ਫੁੱਟਬਾਲ ਟੀਮਾਂ ਵਿਰੁੱਧ ਅਸੀਂ ਕਿੱਥੇ ਹਾਂ।
ਯੂਰਪੀਅਨ ਟੀਮਾਂ ਧੱਕਾ-ਮੁੱਕੀ ਦੀ ਖੇਡ ਖੇਡਣਾ ਪਸੰਦ ਕਰਦੀਆਂ ਹਨ
ਅਦਿੱਤੀ ਤੋਂ ਜਦੋਂ ਟੂਰਨਾਮੈਂਟ ਦੀਆਂ ਚੁਣੌਤੀਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਇੰਗਲੈਂਡ ਵਿਚ ਖੇਡਣ ਦੇ ਆਪਣੇ ਤਜਰਬੇ ਤੋਂ ਮੈਂ ਜਾਣਦੀ ਹਾਂ ਕਿ ਇਹ ਮੁਸ਼ਕਿਲ ਚੁਣੌਤੀ ਹੈ ਕਿਉਂਕਿ ਜ਼ਿਆਦਾਤਰ ਯੂਰਪੀਅਨ ਟੀਮਾਂ ਧੱਕਾ-ਮੁੱਕੀ ਦੀ ਖੇਡ ਖੇਡਣਾ ਪਸੰਦ ਕਰਦੀਆਂ ਹਨ ਤੇ ਸਾਡੇ ਕੋਲ ਅਜਿਹੀਆਂ ਟੀਮਾਂ ਵਿਰੁੱਧ ਖੇਡਣ ਦਾ ਤਜਰਬਾ ਨਹੀਂ ਹੈ। ਉਹ ਸਰੀਰਕ ਤੌਰ 'ਤੇ ਸਾਡੇ ਤੋਂ ਮਜ਼ਬੂਤ ਹਨ ਪਰ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਸਹੀ ਚੁਣੌਤੀ ਹੋਵੇਗੀ ਤੇ ਸਾਨੂੰ ਆਪਣੇ ਮਜ਼ਬੂਤ ਪੱਖ ਨਾਲ ਖੇਡਣ ਤੋਂ ਇਲਾਵਾ ਤਾਲਮੇਲ ਬਿਠਾਉਣਾ ਪਵੇਗਾ।


Related News