ਓਪੇਰਾ ਯੂਰੋ ਰੈਪਿਡ ਸ਼ਤਰੰਜ : ਸਖਤ ਸੰਘਰਸ਼ ’ਚ ਜਿੱਤਿਆ ਮੈਗਨਸ ਕਾਰਲਸਨ

02/12/2021 12:19:10 AM

ਨਵੀਂ ਦਿੱਲੀ (ਨਿਕਲੇਸ਼ ਜੈਨ)– 1,50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਓਪੇਰਾ ਯੂਰੋ ਰੈਪਿਡ ਆਨਲਾਈਨ ਸ਼ਤਰੰਜ ਟੂਰਨਾਮੈਂਟ ਵਿਚ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਸੈਮੀਫਾਈਨਲ ਵਿਚ ਪਹੁੰਚਣ ਲਈ ਸਖਤ ਸੰਘਰਸ਼ ਕਰਨਾ ਪਿਆ। ਬੈਸਟ ਆਫ ਟੂ ਦੇ ਕੁਆਰਟਰ ਫਾਈਨਲ ਵਿਚ ਪਹਿਲੇ ਦਿਨ ਰੂਸ ਦੇ ਡੇਨੀਅਲ ਡੂਬੋਵ ਵਿਰੁੱਧ ਜਿੱਥੇ ਕਾਰਲਸਨ ਨੇ ਇਕ ਆਸਾਨ ਜਿੱਤ ਹਾਸਲ ਕੀਤੀ ਸੀ ਤਾਂ ਦੂਜੇ ਦਿਨ ਡੇਨੀਅਲ ਡੂਬੋਵ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਉਸ ਨੂੰ 2.5-0.5 ਨਾਲ ਹਰਾਇਆ ਸੀ ਤੇ ਅਜਿਹੇ ਵਿਚ ਗੱਲ ਟਾਈਬ੍ਰੇਕ ਵਿਚ ਆ ਗਈ ਸੀ।
ਟਾਈਬ੍ਰੇਕ ਵਿਚ 5 ਮਿੰਟ +2 ਸੈਕੰਡ ਦੇ 2 ਮੁਕਾਬਲੇ ਖੇਡੇ ਗਏ, ਜਿਸ ਵਿਚ ਕਾਰਲਸਨ ਨੇ ਪਹਿਲਾ ਮੁਕਾਬਲਾ ਜਿੱਤ ਕੇ 1-0 ਨਾਲ ਬੜ੍ਹਤ ਹਾਸਲ ਕੀਤੀ ਪਰ ਦੂਜੇ ਮੁਕਾਬਲੇ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸਕੋਰ 1-1 ਨਾਲ ਬਰਾਬਰ ਹੋ ਗਿਆ ਤੇ ਇਸ ਤੋਂ ਬਾਅਦ ਅਰਮਾਗੋਦੇਨ ਦਾ ਫਾਈਨਲ ਟਾਈਬ੍ਰੇਕ ਹੋਇਆ। ਜਿਸ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਕਾਰਲਸਨ ਨੇ ਹਾਥੀ ਤੇ ਊਠ ਦੇ ਐਂਡਗੇਮ ਵਿਚ 64 ਚਾਲਾਂ ਵਿਚ ਜਿੱਤ ਦਰਜ ਕੀਤੀ ਤੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਜਿੱਥੇ ਉਸਦਾ ਸਾਹਮਣਾ ਫਰਾਂਸ ਦੇ ਮੈਕਸਿਮ ਲਾਗ੍ਰੇਵ ਨਾਲ ਹੋਵੇਗਾ। 
ਜਿਸ ਨੇ ਕੁਆਰਟਰ ਫਾਈਨਲ ਵਿਚ ਅਰਮੀਨੀਆ ਦੇ ਲੇਵੋਨ ਅਰੋਨੀਅਨ ਨੂੰ ਪਹਿਲੇ ਦਿਨ 2.5-1.5 ਨਾਲ ਹਰਾਉਂਦੇ ਹੋਏ ਦੂਜੇ ਦਿਨ 2-2 ਦੇ ਸਕੋਰ ਨਾਲ ਅਗਲੇ ਦੌਰ ਵਿਚ ਜਗ੍ਹਾ ਬਣਾਈ। ਹੋਰਨਾਂ ਦੋ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਵੇਸਲੀ ਸੋ ਨੇ ਪੋਲੈਂਡ ਦੇ ਜਾਨ ਡੂਡੋ ਨੂੰ 2.5-1.5 ਤੇ 2-0 ਨਾਲ ਹਰਾਇਆ ਤੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਟਾਈਬ੍ਰੇਕ ਮੇਨ ਵਿਚ 1.5-0.5 ਨਾਲ ਹਰਾਇਆ ਤੇ ਹੁਣ ਸੈਮੀਫਾਈਨਲ ਵਿਚ ਰਦਜਾਬੋਵ ਤੇ ਵੇਸਲੀ ਆਪਸ ਵਿਚ ਮੁਕਾਬਲਾ ਖੇਡਣਗੇ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News