ਇਕ ਰਾਊਂਡ ਪਹਿਲਾਂ ਹੀ ਵਿਸ਼ਵਨਾਥਨ ਆਨੰਦ ਨੇ ਜਿੱਤਿਆ ਸੁਪਰਬੇਟ ਰੈਪਿਡ ਸ਼ਤਰੰਜ

Sunday, May 22, 2022 - 06:48 PM (IST)

ਵਾਰਸ਼ਾ, ਪੋਲੈਂਡ (ਨਿਕਲੇਸ਼ ਜੈਨ)- ਪਹਿਲੇ ਦਿਨ ਤੋਂ ਲਗਾਤਾਰ ਚੰਗੀ ਖੇਡ ਨਾਲ ਸ਼ੁਰੂਆਤ ਕਰਨ ਵਾਲੇ ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ 52 ਸਾਲਾ ਵਿਸ਼ਵਨਾਥਨ ਆਨੰਦ ਨੇ ਆਖ਼ਰਕਾਰ ਗ੍ਰਾਂਡ ਚੈੱਸ ਟੂਰ ਦੇ ਦੂਜੇ ਪੜਾਅ ਸੁਪਰਬੇਟ ਰੈਪਿਡ ਸ਼ਤਰੰਜ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਆਖ਼ਰੀ ਦਿਨ ਆਨੰਦ ਨੇ ਸਭ ਤੋਂ ਪਹਿਲਾਂ ਰੋਮਾਨੀਆ ਦੇ ਡੇਵਿਡ ਗਵੀਰਲੇਸਕੂ ਨੂੰ ਕਾਲੇ ਮੋਹਰਿਆਂ ਨਾਲ ਸਕਾਚ ਓਪਨਿੰਗ 'ਚ ਮਾਤ ਦਿੱਤੀ ਤਾਂ ਉਸ ਤੋਂ ਬਾਅਦ ਸਫੈਦ ਮੋਹਰਿਆਂ ਨਾਲ ਯੂ. ਐੱਸ. ਏ. ਦੇ ਫਾਬੀਆਨੋ ਕਰੁਆਨਾ ਨੂੰ ਪੇਟ੍ਰੋਕ ਡਿਫੈਂਸ ਨਾਲ ਆਸਾਨੀ ਨਾਲ ਡਰਾਅ 'ਤੇ ਰੋਕਦੇ ਹੋਏ ਕੁਲ 14 ਅੰਕ ਬਣਾ ਕੇ ਬਾਕੀ ਖਿਡਾਰੀਆਂ ਤੋਂ 3 ਅੰਕਾਂ ਦਾ ਫ਼ਰਕ ਬਣਾਉਂਦੇ ਹੋਏ ਆਪਣਾ ਖ਼ਿਤਾਬ ਜਿੱਤਣਾ ਇਕ ਰਾਊਂਡ ਪਹਿਲਾਂ ਹੀ ਯਕੀਨੀ ਕਰ ਲਿਆ।

PunjabKesari

ਆਖ਼ਰੀ ਰਾਉਂਡ 'ਚ ਜ਼ਰੂਰ ਆਨੰਦ ਨੂੰ ਆਪਣੇ ਨੇੜੇ ਦੇ ਵਿਰੋਧੀ ਹੰਗਰੀ ਦੇ ਰਿਚਰਡ ਰਾਪੋਰਟ ਤੋਂ ਕਾਲੇ ਮੋਹਰਿਆਂ ਨਾਲ ਪੇਟ੍ਰੋਫ ਓਪਨਿੰਗ 'ਚ ਇਕ ਰੋਮਾਂਚਕ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਕੁਲ 9 ਰਾਊਂਡ ਦੇ ਬਾਅਦ ਆਨੰਦ 14 ਅੰਕ ਲੈ ਕੇ ਪਹਿਲੇ, 13 ਅੰਕ ਬਣਾ ਕੇ ਰਿਚਰਡ ਦੂਜੇ ਤੇ ਪੋਲੈਂਡ ਦੇ ਯਾਨ ਡੂਡਾ 12 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹੇ। ਹੁਣ ਇਸ ਤੋਂ ਬਾਅਦ ਅਗਲੇ ਦੋ ਦਿਨ ਬਲਿਟਜ਼ ਦੇ ਕੁਲ 18 ਮੁਕਾਬਲੇ ਖੇਡੇ ਜਾਣਗੇ ਤੇ ਉਸ ਤੋਂ ਬਾਅਦ ਓਵਰਆਲ ਜੇਤੂ ਤੈਅ ਕੀਤਾ ਜਾਵੇਗਾ। ਰੈਪਿਡ 'ਚ ਜਿੱਥੇ ਜਿੱਤਣ 'ਤੇ ਜ਼ਿਆਦਾ ਅੰਕ ਮਿਲ ਰਹੇ ਸਨ ਤਾਂ ਹੁਣ ਬਲਿਟਜ਼ 'ਚ ਇਕ ਅੰਕ ਮਿਲੇਗਾ।


Tarsem Singh

Content Editor

Related News