ICC ਚੇਅਰਮੈਨ ਬਣਨ 'ਤੇ ਬੋਲੇ ਜੈ ਸ਼ਾਹ-ਟੈਸਟ ਕ੍ਰਿਕਟ ਨੂੰ ਦਿੱਤੀ ਜਾਵੇਗੀ ਪਹਿਲ
Wednesday, Aug 28, 2024 - 02:58 PM (IST)
ਨਵੀਂ ਦਿੱਲੀ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਨਵੇਂ ਚੁਣੇ ਗਏ ਚੇਅਰਮੈਨ ਜੈ ਸ਼ਾਹ ਨੇ ਕਿਹਾ ਹੈ ਕਿ ਇਹ ਯਕੀਨੀ ਕਰਾਂਗੇ ਕਿ ਟੈਸਟ ਕ੍ਰਿਕਟ ਖੇਡ ਦਾ 'ਆਧਾਰ' ਬਣੇ ਅਤੇ ਇਸ ਦੌਰਾਨ ਉਹ ਕ੍ਰਿਕਟ ਦੀ ਤਰੱਕੀ 'ਚ ਅੜਿੱਕਾ ਪਾਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵੀ ਕੋਸ਼ਿਸ਼ ਕਰਨਗੇ।
ਸਾਲ 2019 ਤੋਂ ਬੀਸੀਸੀਆਈ ਸਕੱਤਰ ਵਜੋਂ ਭੂਮਿਕਾ ਨਿਭਾਅ ਰਹੇ 35 ਸਾਲਾਂ ਸ਼ਾਹ 62 ਸਾਲਾਂ ਗ੍ਰੇਗ ਬਾਰਕਲੇ ਨਾਲ 1 ਦਸੰਬਰ ਨੂੰ ਅਹੁਦਾ ਸੰਭਾਲਣਗੇ। ਉਹ ਆਈਸੀਸੀ ਦੇ ਸਭ ਤੋਂ ਨੌਜਵਾਨ ਚੇਅਰਮੈਨ ਹੋਣਗੇ। ਨਿਊਜ਼ੀਲੈਂਡ ਦੇ ਬਾਰਕਲੇ ਨੇ ਦੋ ਸਾਲ ਦੇ ਲਗਾਤਾਰ ਤੀਜੇ ਕਾਰਜਕਾਲ ਲਈ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਵੱਲੋਂ ਜਾਰੀ ਬਿਆਨ ਵਿੱਚ ਸ਼ਾਹ ਨੇ ਕਿਹਾ, 'ਟੀ-20 ਕੁਦਰਤੀ ਤੌਰ 'ਤੇ ਇੱਕ ਰੋਮਾਂਚਕ ਫਾਰਮੈਟ ਹੈ ਪਰ ਇਹ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਟੈਸਟ ਕ੍ਰਿਕਟ ਸਭ ਲਈ ਤਰਜੀਹ ਬਣਿਆ ਰਹੇ ਕਿਉਂਕਿ ਇਹ ਸਾਡੀ ਖੇਡ ਦਾ ਆਧਾਰ ਹੈ।'
ਉਨ੍ਹਾਂ ਨੇ ਕਿਹਾ, 'ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕ੍ਰਿਕਟਰ ਲੰਬੇ ਫਾਰਮੈਟ ਵੱਲ ਆਕਰਸ਼ਿਤ ਹੋਣ ਅਤੇ ਸਾਡੀਆਂ ਕੋਸ਼ਿਸ਼ਾਂ ਇਸ ਟੀਚੇ ਵੱਲ ਕੇਂਦਰਿਤ ਹੋਣਗੀਆਂ।' ਸ਼ਾਹ ਨੇ ਕਿਹਾ, 'ਮੈਂ ਆਪਣੇ ਕਾਰਜਕਾਲ ਦੌਰਾਨ ਪ੍ਰਤਿਭਾ ਸਕਾਊਟਿੰਗ ਲਈ ਇੱਕ ਵੱਖਰਾ ਪ੍ਰੋਗਰਾਮ ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹਾਂਗਾ ਅਤੇ ਮੈਂ ਇਸ ਪ੍ਰੋਗਰਾਮ ਵਿੱਚ ਤੁਹਾਡੇ ਸਮਰਥਨ ਦੀ ਉਮੀਦ ਕਰਦਾ ਹਾਂ।'
ਸ਼ਾਹ ਨੇ ਦੁਨੀਆ ਭਰ ਵਿੱਚ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, 'ਮੈਂ ਆਈਸੀਸੀ ਮੈਂਬਰ ਬੋਰਡਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਈਸੀਸੀ ਚੇਅਰਮੈਨ ਦੀ ਇਸ ਵੱਕਾਰੀ ਭੂਮਿਕਾ ਨੂੰ ਸੰਭਾਲਣ ਲਈ ਮੇਰੇ 'ਤੇ ਭਰੋਸਾ ਜਤਾਇਆ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਦੁਨੀਆ ਭਰ ਵਿੱਚ ਸਾਡੀ ਖੇਡ ਦਾ ਮਿਆਰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।