ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹੈ ਓਲੰਪਿਕ, ਜਦੋਂ ਹਿਟਲਰ ਨੇ ਓਲੰਪਿਕ ਦਾ ਸਹਾਰਾ ਲੈ ਕੇ ਆਪਣੇ ‘ਪਾਪ ਧੋਤੇ’

Sunday, Jul 21, 2024 - 06:22 PM (IST)

ਸਪੋਰਟਸ ਡੈਸਕ : ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ 1936 ਦੀਆਂ ਓਲੰਪਿਕ ਖੇਡਾਂ ਲਈ ਮੇਜ਼ਬਾਨ ਦੇ ਤੌਰ ’ਤੇ ਜਰਮਨ ਦੀ ਰਾਜਧਾਨੀ ਬਰਲਿਨ ਨੂੰ ਚੁਣਿਆ। 1933 ਵਿਚ ਐਡਾਲਫ ਹਿਟਲਰ ਸੱਤਾ ਵਿਚ ਆਇਆ ਅਤੇ ਇਸ ਤੋਂ ਬਾਅਦ ਕਈ ਪ੍ਰਮੁੱਖ ਰਾਜਨੇਤਾਵਾਂ ਤੇ ਸੰਗਠਨਾਂ ਨੇ ਖੇਡਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਕੁਝ ਕੁ ਨੇ ਖੇਡਾਂ ਨੂੰ ਟਰਾਂਸਫਰ ਕਰਨ ਦੀ ਮੰਗ ਵੀ ਕੀਤੀ। ਉਸ ਸਮੇਂ ਹਿਟਲਰ ਆਪਣੇ ਫੈਸਲਿਆਂ ਕਾਰਨ ਵਿਵਾਦਾਂ ਵਿਚ ਆ ਗਿਆ ਸੀ। ਉਸ ’ਤੇ ਹੁਕਮ ਨਾ ਮੰਨਣ ਅਤੇ ਹਜ਼ਾਰਾਂ ਲੋਕਾਂ ਦਾ ਕਤਲ ਕਰਨ ਦੇ ਦੋਸ਼ ਲੱਗੇ ਸਨ। ਜਦੋਂ ਵਿਸ਼ਵ ਪੱਧਰ ’ਤੇ ਹਿਟਲਰ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਉਸ ਨੇ ਵਿਸ਼ਵ ਦੇ ਨੇਤਾਵਾਂ ਦਾ ਧਿਆਨ ਦੂਜੇ ਪਾਸੇ ਲਿਜਾਣ ਲਈ ਓਲੰਪਿਕ ਨੂੰ ਹਥਿਆਰ ਬਣਾਇਆ। ਤਮਾਮ ਵਿਰੋਧ ਦੇ ਬਾਵਜੂਦ ਹਿਟਲਰ ਨੇ ਬਰਲਿਨ ਵਿਚ ਓਲੰਪਿਕ ਖੇਡਾਂ ਕਰਵਾਈਆਂ।
ਮੰਨਿਆ ਗਿਆ ਕਿ ਹਿਟਲਰ ਨੇ ਬਰਲਿਨ ਆਯੋਜਨ ਨੂੰ ‘ਆਪਣੀਆਂ ਓਲੰਪਿਕ’ ਮੰਨਿਆ ਤੇ ਇਸ ਦਾ ਉਪਯੋਗ ਨਿੱਜੀ ਪ੍ਰਚਾਰ ਤੇ ਯੁੱਧ ਤੋਂ ਬਾਅਦ ਜਰਮਨ ਦੀ ਪ੍ਰਸਿੱਧੀ ਵਧਾਉਣ ਲਈ ਕੀਤਾ। ਕਈ ਮੈਂਬਰਾਂ ਨੇ ਮੰਨਿਆ ਕਿ ਹਿਟਲਰ ਨੇ ਆਪਣੇ ‘ਪਾਪ ਧੋਣ’ ਲਈ ਓਲੰਪਿਕ ਖੇਡਾਂ ਦਾ ਇਸਤੇਮਾਲ ਕੀਤਾ।  
ਆਧੁਨਿਕ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਜਦੋਂ ਸੰਯੁਕਤ ਰਾਜ ਅਮਰੀਕਾ ਤੇ ਯੂਰਪ ਵਿਚ ਲੋਕਾਂ ਨੇ ਓਲੰਪਿਕ ਦੇ ਬਾਈਕਾਟ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਓਲੰਪਿਕ ਨੂੰ ਮਨੁੱਖੀ ਅਧਿਕਾਰੀਆਂ ਦੇ ਘਾਣ ਦੇ ਰੂਪ ਵਿਚ ਵੀ ਜਾਣਿਆ ਗਿਆ। ਹਾਲਾਂਕਿ ਅੰਦੋਲਨ ਅੰਤ ਵਿਚ ਅਸਫਲ ਰਿਹਾ। ਇਸ ਨੇ ਭਵਿੱਖ ਦੀਆਂ ਓਲੰਪਿਕ ਬਾਈਕਾਟ ਮੁਹਿੰਮਾਂ (ਜਿਵੇਂ 2008 ਤੇ 2014 ਵਿਚ) ਲਈ ਇਕ ਮਹੱਤਵਪੂਰਨ ਮਿਸਾਲ ਕਾਇਮ ਕੀਤੀ।
ਵਿੰਧਮ ਹੈਲਸਵੇਲੇ ਨੂੰ ਵਾਕਓਵਰ ਮਿਲਿਆ
1908 ਲੰਡਨ ਓਲੰਪਿਕ ਦੀ 400 ਮੀਟਰ ਦੌੜ ਵਿਚ ਯੂ. ਐੱਸ. ਏ. ਦੇ ਜਾਨ ਕਾਰਪੇਂਟਰ ਜੇਤੂ ਹੋਣ ਦੇ ਬਾਵਜੂਦ ਅਯੋਗ ਕਰਾਰ ਦਿੱਤਾ ਗਿਆ। ਦੋਸ਼ ਲੱਗਾ ਸੀ ਕਿ ਕਾਰਪੇਂਟਰ ਨੇ ਦੌੜ ਦੌਰਾਨ ਗ੍ਰੇਟ ਬ੍ਰਿਟੇਨ ਦੇ ਵਿੰਧਮ ਹੈਲਸਵੇਲੇ ਨੂੰ ਕੂਹਣੀ ਮਾਰ ਕੇ ਰੋਕਿਆ ਸੀ। ਮਜ਼ੇਦਾਰ ਗੱਲ ਇਹ ਰਹੀ ਕਿ ਅਮਰੀਕੀ ਨਿਯਮਾਂ ਦੇ ਤਹਿਤ ਇਹ ਜਾਇਜ਼ ਸੀ ਪਰ ਕਿਉਂਕਿ ਓਲੰਪਿਕ ਲੰਡਨ ਵਿਚ ਹੋ ਰਹੀਆਂ ਸਨ, ਇਸ ਲਈ ਬ੍ਰਿਟੇਨ ਨਿਯਮਾਂ ਦੇ ਤਹਿਤ ਇਹ ਸਹੀ ਨਹੀਂ ਸੀ। ਹੈਲਸਵੇਲੇ ਨੂੰ 2 ਹੋਰ ਫਾਈਨਲਿਸਟ ਵਿਲੀਅਮ ਰੌਬਿੰਸ ਤੇ ਯੂ. ਐੱਸ. ਏ. ਦੇ ਜਾਨ ਟੇਲਰ ਦੇ ਨਾਲ ਇਕ ਹੋਰ ਰੇਸ ਭੱਜਣ ਨੂੰ ਕਿਹਾ ਗਿਆ। ਜੱਜ ਦੇ ਫੈਸਲੇ ਦੇ ਵਿਰੋਧ ਵਿਚ ਰੌਬਿੰਸ ਤੇ ਟੇਲਰ ਨੇ ਰੇਸ ਛੱਡ ਦਿੱਤੀ। ਹੈਲਸਵੇਲੇ ਨੂੰ ਵਾਕਓਵਰ ਮਿਲ ਗਿਆ ਤੇ ਉਹ 400 ਮੀਟਰ ਵਿਚ ਤਮਗਾ ਜਿੱਤ ਗਿਆ।
9 ਵਾਰ ਦੇ ਤਮਗਾ ਜੇਤੂ ਨੂੰ ਹਿੱਸਾ ਲੈਣ ਤੋਂ ਰੋਕਿਆ
ਓਲੰਪਿਕ ਵਿਚ ਫਲਾਇੰਗ ਫਿਨ ਦੇ ਨਾਂ ਨਾਲ ਮਸ਼ਹੂਰ ਪਾਵੋ ਨੂਰਮੀ ਅਜਿਹਾ ਐਥਲੀਟ ਹੈ, ਜਿਸ ਨੇ ਮੈਰਾਥਨ ਦੌੜ ਵਿਚ 9 ਓਲੰਪਿਕ ਤਮਗੇ ਜਿੱਤੇ ਪਰ 1932 ਵਿਚ ਲਾਸ ਏਂਜ਼ਲਸ ਵਿਚ ਆਯੋਜਿਤ ਓਲੰਪਿਕ ਦੌਰਾਨ ਉਸ ਨੂੰ ਸਵੀਡਿਸ਼ ਅਧਿਕਾਰੀਆਂ ਨੇ ਖੇਡਣ ਤੋਂ ਰੋਕ ਦਿੱਤਾ। ਧਾਕੜ ਐਥਲੀਟ ਨੇ ਆਪਣੀਆਂ ਦਲੀਲਾਂ ਦਿੱਤੀਆਂ ਪਰ ਨੂਰਮੀ ਨੂੰ ਖੇਡਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਓਲੰਪਿਕ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਘਟਨਾ ਦੇ ਕਾਰਨ ਨੂਰਮੀ ਨੂੰ ਰਿਟਾਇਰਮੈਂਟ ਲੈਣੀ ਪਈ।
‘ਬਲੱਡ ਇਨ ਦਿ ਵਾਟਰ’
ਹੰਗਰੀ ’ਤੇ ਸੋਵੀਅਤ ਸੰਘ ਦੇ ਹਮਲੇ ਨੇ ਮੈਲਬੋਰਨ ਵਿਚ 1956 ਦੀਆਂ ਗਰਮਰੁੱਤ ਓਲੰਪਿਕ ਖੇਡਾਂ ਤਕ ਤਿੱਖਾ ਤਣਾਅ ਪੈਦਾ ਕਰ ਦਿੱਤਾ ਸੀ। ਸੋਵੀਅਤ ਐਥਲੀਟਾਂ ਨੂੰ ਹਿੱਸਾ ਲੈਣ ਦੀ ਮਨਜ਼ੂਰੀ ਦੇਣ ਦੇ ਆਈ. ਓ. ਸੀ. ਦੇ ਫੈਸਲੇ ਤੋਂ ਬਾਅਦ ਸਪੇਨ, ਨੀਦਰਲੈਂਡ ਤੇ ਸਵਿਟਜ਼ਰਲੈਂਡ ਵਰਗੇ ਕਈ ਦੇਸ਼ਾਂ ਨੇ ਇਸ ਆਯੋਜਨ ਦਾ ਬਾਈਕਾਟ ਕੀਤਾ। ਸੋਵੀਅਤ-ਹੰਗਰੀਅਨ ਤਣਾਅ ਤਦ ਵੱਧ ਗਿਆ ਜਦੋਂ ਦੋ ਪੁਰਸ਼ਾਂ ਦੀਆਂ ਵਾਟਰ ਪੋਲੋ ਟੀਮਾਂ ਸੈਮੀਫਾਈਨਲ ਵਿਚ ਆਪਸ ਵਿਚ ਲੜ ਪਈਆਂ। ਇਸ ਦੌਰਾਨ ਸੋਵੀਅਤ ਸੰਘ ਦੇ ਵੈਲੇਨਿਟਨ ਪ੍ਰੋਕੋਪੋਵ ਨੇ ਹੰਗਰੀ ਦੇ ਐਰਵਿਨ ਜੇਡੋਰ ਦੀ ਅੱਖ ’ਤੇ ਮੁੱਕਾ ਮਾਰ ਦਿੱਤਾ ਸੀ। ਇਸ ਕਾਰਨ ਮੈਚ ਨੂੰ ‘ਬਲੱਡ ਇਨ ਦਿ ਵਾਟਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਜਦੋਂ ਖੇਡਾਂ ਵਿਚਾਲੇ ਹੀ ਮੁਅੱਤਲ ਕਰ ਦਿੱਤੀਆਂ ਗਈਆਂ
1972 ਦੀਆਂ ਮਿਊਨਿਖ ਓਲੰਪਿਕ ਜਿਨ੍ਹਾਂ ਦਾ ਚੀਅਰਫੁੱਲ ਗੇਮਜ਼ ਦੇ ਨਾਂ ਨਾਲ ਪ੍ਰਚਾਰ ਕੀਤਾ ਗਿਆ ਸੀ, ਆਪਣੇ ਨਾਲ ਵੱਡੀ ਤ੍ਰਾਸਦੀ ਲੈ ਕੇ ਆਈਆਂ। ਟੂਰਨਾਮੈਂਟ ਦੇ ਦੂਜੇ ਹਫਤੇ ਵਿਚ ਫਿਲਸਤੀਨ ਬਲੈਕ ਸਿਤੰਬਰ ਸੰਗਠਨ ਦੇ ਮੈਂਬਰਾਂ ਨੇ ਇਜ਼ਰਾਈਲੀ ਓਲੰਪਿਕ ਦਲ ਦੇ 11 ਮੈਂਬਰਾਂ ਤੇ ਇਕ ਪੁਲਸ ਕਰਮਚਾਰੀ ਦੀ ਹੱਤਿਆ ਕਰ ਦਿੱਤੀ। ਹਮਲੇ ਦੇ ਕੁਝ ਹੀ  ਘੰਟਿਆਂ ਦੇ ਅੰਦਰ ਖੇਡਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਪਰ ਬਾਅਦ ਵਿਚ ਆਈ. ਓ. ਸੀ. ਮੁਖੀ ਐਵਰੀ ਬਰੁੰਡੇਜ ਦੇ ਨਿਰਦੇਸ਼ਾਂ ’ਤੇ ਖੇਡਾਂ ਨੂੰ ਜਾਰੀ ਰੱਖਿਆ ਗਿਆ।
ਏਂਜੇਲ ਮਾਤੋਸ ਨੇ ਰੈਫਰੀ ’ਤੇ ਕੀਤਾ ਹਮਲਾ
ਬੀਜਿੰਗ ਵਿਚ ਕਾਂਸੀ ਤਮਗਾ ਮੈਚ ਦੌਰਾਨ ਰੈਫਰੀ ਦੇ ਚਿਹਰੇ ’ਤੇ ਲੱਤ ਮਾਰਨ ਤੋਂ ਬਾਅਦ ਕਿਊਬਾ ਦੇ ਤਾਈਕਵਾਂਡੋ ਐਥਲੀਟ ਏਂਜੇਲ ਮਾਤੋਸ ਨੂੰ ਸਾਰੀਆਂ ਕੌਮਾਂਤਰੀ ਪ੍ਰਤੀਯੋਗਿਤਾਵਾਂ ਤੋਂ ਜ਼ਿੰਦਗੀ ਭਰ ਲਈ ਪਾਬੰਦੀਸ਼ੁਦਾ ਕਰ ਦਿੱਤਾ ਗਿਆ। ਸਾਬਕਾ ਓਲੰਪਿਕ ਸੋਨ ਤਮਗਾ ਜੇਤੂ ਮਾਤੋਸ ਨੂੰ ਮੈਚ ਦੌਰਾਨ ਪੈਰ ਵਿਚ ਸੱਟ ਲੱਗ ਗਈ। ਉਸ ਨੇ ਟਾਈਮ ਆਊਟ ਲਿਆ ਪਰ ਦਿੱਤੇ ਸਮੇਂ ਦੇ ਅੰਦਰ ਉਹ ਮੈਦਾਨ ’ਤੇ ਵਾਪਸੀ ਕਰਨ ਵਿਚ ਅਸਫਲ ਰਿਹਾ, ਜਿਸ ਦੇ ਨਤੀਜੇ ਵਜੋਂ ਰੈਫਰੀ ਨੇ ਉਸ ਨੂੰ ਸਮੇਂ ਦੀ ਉਲੰਘਣਾ ਲਈ ਅਯੋਗ ਕਰਾਰ ਦੇ ਦਿੱਤਾ। ਇਸ ਤੋਂ ਗੁੱਸੇ ਵਿਚ ਆਏ ਮਾਤੋਸ ਨੇ ਰੈਫਰੀ ਦੇ ਚਿਹਰੇ ’ਤੇ ਲੱਤ ਮਾਰੀ। ਇਸ ਤੋਂ ਬਾਅਦ ਇਕ ਜੱਜ ਦੀ ਬਾਂਹ ’ਤੇ ਵੀ ਮੁੱਕਾ ਮਾਰਿਆ ਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ ਮੈਦਾਨ ਦੇ ਫਰਸ਼ ’ਤੇ ਥੁੱਕ ਵੀ ਦਿੱਤਾ।
ਡੋਪਿੰਗ ਕਾਰਨ ਰੂਸੀ ਐਥਲੀਟਾਂ ’ਤੇ ਪਾਬੰਦੀ
ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਸਰਦਰੁੱਤ ਓਲੰਪਿਕ ਖੇਡਾਂ 2014 ਦੌਰਾਨ ਰੂਸ ਵਿਚ ਡੋਪਿੰਗ ਦੇ ਦੋਸ਼ਾਂ ਦੀ ਜਾਂਚ ਕੀਤੀ। ਜਾਂਚ ਵਿਚ ਪਾਇਆ ਗਿਆ ਕਿ ਰੂਸੀ ਸ਼ਾਖਾ ਰਮਾਡਾ ਨਿਯਮਾਂ ਦੀ ਪਾਲਣਾ ਠੀਕ ਤਰ੍ਹਾਂ ਨਾਲ ਨਹੀਂ ਕਰ ਰਹੀ। ਇਸ ਤੋਂ ਬਾਅਦ ਰੀਓ ਓਲੰਪਿਕ ਲਈ ਰੂਸ ਦੀ ਓਲੰਪਿਕ ਟੀਮ ਵਿਚ ਸ਼ਾਮਲ 389 ਐਥਲੀਟਾਂ ਵਿਚੋਂ 111 ਐਥਲੀਟਾਂ ਨੂੰ ਉਦਘਾਟਨੀ ਸਮਾਰੋਹ ਤੋਂ ਇਕ ਦਿਨ ਪਹਿਲਾਂ ਡੋਪਿੰਗ ਕਾਰਨ ਬਾਹਰ ਕਰ ਦਿੱਤਾ ਗਿਆ ਸੀ।


Aarti dhillon

Content Editor

Related News