ਪਾਕਿਸਤਾਨ ਦੀ ਟੀਮ ਓਲੰਪਿਕ ''ਚੋਂ ਹੋਵੇਗੀ ਬਾਹਰ! ICC ਨੇ ਦਿੱਤੀ ਅਪਡੇਟ
Saturday, Nov 08, 2025 - 06:40 PM (IST)
ਸਪੋਰਟਸ ਡੈਸਕ- ਓਲੰਪਿਕ 'ਚ ਲੰਬੇ ਸਮੇਂ ਬਾਅਦ ਕ੍ਰਿਕਟ ਦੀ ਵਾਪਸੀ ਹੋਣ ਜਾ ਰਹੀ ਹੈ। ਲਾਸ ਏਂਜਲਿਸ ਓਲੰਪਿਕ 2028 ਦੌਰਾਨ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ 'ਚ ਇਹ ਗੇਮ ਆਯੋਜਿਤ ਹੋਣਾ ਹੈ। ਕ੍ਰਿਕਟ ਓਲੰਪਿਕ 'ਚ ਸਿਰਫ ਇਕ ਵਾਰ ਇਸ ਤੋਂ ਪਹਿਲਾਂ ਸ਼ਾਮਲ ਹੋਇਆ ਸੀ। 1900 ਦੇ ਪੈਰਿਸ ਓਲੰਪਿਕ 'ਚ ਫਰਾਂਸ ਅਤੇ ਬ੍ਰਿਟੇਨ ਦੀਆਂ ਕ੍ਰਿਕਟ ਟੀਮਾਂ ਨੇ ਭਾਗ ਲਿਆ ਸੀ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਦੋਵਾਂ ਵਿਚਾਲੇ ਸਿੱਧਾ ਫਾਈਨਲ ਮੈਚ ਕਰਵਾ ਦਿੱਤਾ ਗਿਆ ਸੀ, ਜਿਸ ਵਿਚ ਬ੍ਰਿਟੇਨ ਨੇ ਫਰਾਂਸ 'ਤੇ ਜਿੱਤ ਹਾਸਿਲ ਕੀਤੀ ਸੀ।
ਹੁਣ 128 ਸਾਲਾਂ ਬਾਅਦ ਓਲੰਪਿਕ 'ਚ ਕ੍ਰਿਕਟ ਆਪਣੀ ਧੱਕ ਪਾਏਗਾ, ਜੋ ਕਰੋੜਾਂ ਫੈਨਜ਼ ਲਈ ਖੁਸ਼ੀ ਦੀ ਗੱਲ ਹੈ। ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈਸੀਸੀ) ਨੇ ਇਹ ਪੁਸ਼ਟੀ ਕਰ ਦਿੱਤੀ ਹੈ ਕਿ ਅਗਲੇ ਓਲੰਪਿਕ 'ਚ ਦੋਵਾਂ ਵਰਗਾਂ 'ਚ ਕੁੱਲ 6-6 ਟੀਮਾਂ ਹਿੱਸਾ ਲੈਣਗੀਆਂ। ਨਾਲ ਹੀ ਦੋਵਾਂ ਵਰਗਾਂ ਨੂੰ ਮਿਲਾ ਕੇ 28 ਮੁਕਾਬਲੇ ਖੇਡੇ ਜਾਣਗੇ। ਆਈਸੀਸੀ ਦੀ ਦੁਬਈ 'ਚ ਹੋਈ ਬੋਰਡ ਮੀਟਿੰਗ 'ਚ ਓਲੰਪਿਕ ਕੁਆਲੀਫਿਕੇਸ਼ਨ ਪ੍ਰਕਿਰਿਆ 'ਤੇ ਵੀ ਚਰਚਾ ਹੋਈ।
ਪਹਿਲਾਂ ਇਹ ਪ੍ਰਸਤਾਵ ਸੀ ਕਿ ਟੀ-20 ਇੰਟਰਨੈਸ਼ਨਲ ਰੈਂਕਿੰਗ ਦੇ ਆਧਾਰ 'ਤੇ ਟਾਪ ਦੀਆਂ 6 ਟੀਮਾਂ ਨੂੰ ਸਿੱਧੀ ਐਂਟਰੀ ਦਿੱਤੀ ਜਾਵੇ ਪਰ ਇਸਨੂੰ ਹੁਣ ਬਦਲ ਦਿੱਤਾ ਗਿਆ ਹੈ। ਨਵੀਂ ਯੋਜਨਾ ਮੁਤਾਬਕ, ਇਕ ਮਹਾਦੀਪ ਤੋਂ ਦੋਵਾਂ ਵਰਗਾਂ 'ਚ ਇਕ-ਇਕ ਟਾਪ-ਟੀਮ ਨੂੰ ਸਿੱਧੀ ਜਗ੍ਹਾ ਮਿਲੇਗੀ, ਜਦੋਂਕਿ ਇਕ-ਇਕ ਟੀਮ ਦਾ ਫੈਸਲਾ ਗਲੋਬਲ ਕੁਆਲੀਫਾਇਰ ਰਾਹੀਂ ਹੋਵੇਗਾ। ਇਸਤੋਂ ਇਲਾਵਾ ਮੇਜਬਾਨ ਦੇਸ਼ ਯੂ.ਐੱਸ.ਏ. ਨੂੰ ਸਿੱਧੀ ਐਂਟਰੀ ਦਿੱਤੀ ਜਾ ਸਕਦੀ ਹੈ, ਜਿਸ 'ਤੇ ਅੰਤਿਮ ਫੈਸਲਾ ਅੱਗੇ ਲਿਆ ਜਾਵੇਗਾ।
ਭਾਰਤੀ ਟੀਮ ਦੀ ਕੁਆਲੀਫਿਕੇਸ਼ਨ ਲਗਭਗ ਕਨਫਰਮ
ਮੀਡੀਆ ਰਿਪੋਰਟਾਂ ਮੁਤਾਬਕ, ਮੌਜੂਦਾ ਰੈਂਕਿੰਗ ਅਤੇ ਖੇਤਰੀ ਸਥਿਤੀ ਨੂੰ ਦੇਖਦੇ ਹੋਏ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ 'ਚ ਏਸ਼ੀਆ ਤੋਂ ਭਾਰਤ, ਸਮੁੰਦਰੀ ਦੇਸ਼ਾਂ ਤੋਂ ਆਸਟ੍ਰੇਲੀਆ, ਯੂਰਪ ਤੋਂ ਇੰਗਲੈਂਡ ਅਤੇ ਅਫਰੀਕਾ ਤੋਂ ਦੱਖਣੀ ਅਫਰੀਕਾ ਦੇ ਕੁਆਲੀਫਾਈ ਕਰਨ ਦੀ ਸੰਭਾਵਨਾ ਕਾਫੀ ਮਜਬੂਤ ਹੈ।
ਪਾਕਿਸਤਾਨ ਦੀ ਓਲੰਪਿਕ 'ਚ ਐਂਟਰੀ ਉਨ੍ਹਾਂ ਦੇ ਆਉਣ ਵਾਲੇ ਸਾਲਾਂ ਦੀ ਰੈਂਕਿੰਗ ਜਾਂ ਗਲੋਬਲ ਕੁਆਲੀਫਾਇਰ 'ਚ ਪ੍ਰਦਰਸ਼ਨ 'ਤੇ ਨਿਰਭਰ ਕਰੇਗੀ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਦਾ ਓਲੰਪਿਕ ਲਈ ਕੁਆਲੀਫਾਈ ਕਰਨਾ ਬੇਹੱਦ ਮੁਸ਼ਕਿਲ ਨਜ਼ਰ ਆ ਰਿਹਾ ਹੈ।
