ਰੋਹਿਤ ਸ਼ਰਮਾ ਨੇ ਮੁੜ ਹਾਸਲ ਕੀਤੀ ਬਾਦਸ਼ਾਹਤ, ICC ਵਨਡੇ ਰੈਂਕਿੰਗ ''ਚ ਨੰਬਰ ਇਕ ਬੱਲੇਬਾਜ਼
Wednesday, Nov 26, 2025 - 05:04 PM (IST)
ਸਪੋਰਟਸ ਡੈਸਕ- ਅੱਜ (26 ਨਵੰਬਰ 2025) ਆਈਸੀਸੀ ਨੇ ਨਵੀਂ ਵਨਡੇ ਰੈਂਕਿੰਗ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਰੋਹਿਤ ਸ਼ਰਮਾ ਇਕ ਵਾਰ ਫਿਰ ਨੰਬਰ 1 ਵਨਡੇ ਬੱਲੇਬਾਜ਼ ਬਣ ਗਏ ਹਨ।
ਰੋਹਿਤ ਸ਼ਰਮਾ ਨੇ ਫਿਰ ਸੰਭਾਲੀ ਨੰਬਰ-1 ਦੀ ਗੱਦੀ
ਟੀਮ ਇੰਡੀਆ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਆਈਸੀਸੀ ਵਨਡੇ ਰੈਂਕਿੰਗ ਵਿੱਚ ਇੱਕ ਵਾਰ ਫਿਰ ਤੋਂ ਨੰਬਰ ਇੱਕ ਬੱਲੇਬਾਜ਼ ਦਾ ਸਥਾਨ ਹਾਸਲ ਕਰ ਲਿਆ ਹੈ। ਰੋਹਿਤ ਸ਼ਰਮਾ ਦੀ ਮੌਜੂਦਾ ਰੇਟਿੰਗ 781 ਹੈ। ਖਾਸ ਗੱਲ ਇਹ ਹੈ ਕਿ ਰੋਹਿਤ ਨੇ ਇਸ ਦੌਰਾਨ ਕੋਈ ਵੀ ਵਨਡੇ ਮੁਕਾਬਲਾ ਨਹੀਂ ਖੇਡਿਆ ਹੈ, ਪਰ ਫਿਰ ਵੀ ਉਹ ਟਾਪ 'ਤੇ ਪਹੁੰਚਣ ਵਿੱਚ ਕਾਮਯਾਬ ਰਹੇ। ਇਸ ਤੋਂ ਪਹਿਲਾਂ ਨੰਬਰ ਇੱਕ 'ਤੇ ਪਹੁੰਚੇ ਨਿਊਜ਼ੀਲੈਂਡ ਦੇ ਡੇਰਿਲ ਮਿਚੇਲ ਹੁਣ ਦੂਜੇ ਸਥਾਨ 'ਤੇ ਖਿਸਕ ਗਏ ਹਨ। ਆਈਸੀਸੀ ਦੇ ਨਿਯਮਾਂ ਅਨੁਸਾਰ, ਜਦੋਂ ਕੋਈ ਖਿਡਾਰੀ ਨਹੀਂ ਖੇਡਦਾ ਹੈ ਅਤੇ ਟੀਮ ਮੈਚ ਖੇਡਦੀ ਹੈ, ਤਾਂ ਉਸ ਖਿਡਾਰੀ ਦੀ ਰੇਟਿੰਗ ਆਪਣੇ ਆਪ ਘੱਟ ਜਾਂਦੀ ਹੈ, ਜਿਸ ਕਾਰਨ ਮਿਚੇਲ ਨੂੰ ਨੁਕਸਾਨ ਹੋਇਆ।
ਟਾਪ 10 ਵਿੱਚ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ
ਆਈਸੀਸੀ ਦੀ ਵਨਡੇ ਰੈਂਕਿੰਗ ਦੇ ਟਾਪ 10 ਵਿੱਚ ਕਈ ਭਾਰਤੀ ਖਿਡਾਰੀ ਸ਼ਾਮਲ ਹਨ। ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਹੁਣ ਨੰਬਰ ਚਾਰ 'ਤੇ ਹਨ, ਜਿਨ੍ਹਾਂ ਦੀ ਰੇਟਿੰਗ 745 ਹੈ। ਵਿਰਾਟ ਕੋਹਲੀ ਇਸ ਰੈਂਕਿੰਗ ਵਿੱਚ ਨੰਬਰ 5 'ਤੇ ਬਰਕਰਾਰ ਹਨ, ਜਿਨ੍ਹਾਂ ਦੀ ਰੇਟਿੰਗ 725 ਹੈ। ਸ਼੍ਰੇਅਸ ਅਈਅਰ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ 700 ਦੀ ਰੇਟਿੰਗ ਨਾਲ ਨੰਬਰ ਨੌਂ 'ਤੇ ਪਹੁੰਚ ਗਏ ਹਨ।
