ਜਾਪਾਨ ਦੇ ਕੋਵਿਡ -19 ਪ੍ਰਭਾਵਿਤ ਖੇਤਰਾਂ ’ਚ ਰੱਦ ਹੋ ਸਕਦੀ ਹੈ ਓਲੰਪਿਕ ਮਸ਼ਾਲ ਰਿਲੇ
Friday, Apr 02, 2021 - 07:01 PM (IST)
ਟੋਕੀਓ— ਟੋਕੀਓ 2020 ਦੀ ਪ੍ਰਮੁੱਖ ਸੀਕੋ ਹਾਸ਼ਿਮੋਤੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਨ੍ਹਾਂ ਖੇਤਰਾਂ ’ਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ ਉੱਥੇ ਓਲੰਪਿਕ ਮਸ਼ਾਲ ਰਿਲੇ ਨੂੰ ਰੱਦ ਕੀਤਾ ਜਾ ਸਕਦਾ ਹੈ। ਹਾਸ਼ਿਮੋਤੋ ਨੇ ਟੋਕੀਓ ’ਚ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਇਕ ਟੀਮ ਹੈ ਜਿਸ ਨੇ (ਮਸ਼ਾਲ ਰਿਲੇ ’ਚ) ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹਰੇਕ ਖੇਤਰ ’ਚ ਵਾਇਰਸ ਦੀ ਸਥਿਤੀ ਲਗਾਤਾਰ ਬਦਲ ਰਹੀ ਹੈ, ਇਸ ਲਈ ਸਾਨੂੰ ਛੇਤੀ ਤੋਂ ਛੇਤੀ ਫ਼ੈਸਲਾ ਲੈਣ ਦੀ ਜ਼ਰੂਰਤ ਹੈ ਪਰ ਨਾਲ ਹੀ ਆਖ਼ਰੀ ਪਲਾਂ ’ਚ ਬਦਲਾਅ ਲਈ ਵੀ ਸਾਡਾ ਰੁਖ਼ ਲਚੀਲਾ ਹੋਣਾ ਚਾਹੀਦਾ ਹੈ।’’
ਕਮੇਟੀ ਅਪ੍ਰੈਲ ਦੇ ਅੰਤ ’ਚ ਜਾਪਾਨ ’ਚ ਦਰਸ਼ਕਾਂ ਦੀ ਗਿਣਤੀ ਨੂੰ ਆਖ਼ਰੀ ਰੂਪ ਦੇਵੇਗੀ। ਹਾਸ਼ਿਮੋਤੋ ਨੇ ਜਦੋਂ ਤਿੰਨ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਕੁਝ ਪ੍ਰੀਖਣ ਪ੍ਰਤੀਯੋਗਿਤਾਵਾਂ ਨੂੰ ਰੱਦ ਕਰਨ ਬਾਰੇ ਪੁੱਛਿਆ ਗਿਆ, ਉਨ੍ਹਾਂ ਕਿਹਾ, ਜਿਸ ਮਾਹੌਲ ’ਚ ਖਿਡਾਰੀ ਸੁਰੱਖਿਅਤ ਮਹਿਸੂਸ ਕਰਨ, ਉਸ ’ਚ ਅਸੀਂ ਪ੍ਰਤੀਯੋਗਤਾਵਾਂ ਦਾ ਆਯੋਜਨ ਕਰਵਾਉਣ ਲਈ ਵਚਨਬੱਧ ਹਾਂ। ਸਾਨੂੰ ਇਸ ’ਤੇ ਸਖ਼ਤ ਮਿਹਨਤ ਕਰਨੀ ਹੋਵੇਗੀ।