ਓਲੰਪਿਕ ਕੁਆਲੀਫਾਇਰਸ ਨੂੰ ਦੁਬਾਰਾ ਨਿਰਧਾਰਤ ਕਰੇਗਾ FIG
Friday, Apr 10, 2020 - 06:58 PM (IST)

ਜੇਨੇਵਾ : ਕੌਮਾਂਤਰੀ ਜਿਮਨਾਸਟਿਕ ਮਹਾਸੰਘ (ਐੱਫ. ਆਈ. ਜੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਬਾਕੀ ਬਚੇ ਓਲੰਪਿਕ ਕੁਆਲੀਫਾਇਰਸ ਨੂੰ ਕੋਰੋਨਾ ਦਾ ਖਤਰਾ ਖਤਮ ਹੋਣ ਤੋਂ ਬਾਅਦ ਦੁਬਾਰਾ ਨਿਰਧਾਰਤ ਕਰੇਗਾ। ਟੋਕੀਓ ਓਲੰਪਿਕ ਲਈ ਜਿਮਨਾਸਟਿਕ ਵਿਚ 324 ਕੋਟਾ ਸਥਾਨ ਹੈ, ਜਿਨ੍ਹਾਂ ਵਿਚੋਂ 75 ਫੀਸਦੀ ਪੂਰੇ ਹੋ ਚੁੱਕੇ ਹਨ। ਬਾਕੀ ਬਚੇ ਕੋਟਾ ਸਥਾਨਾਂ ਲਈ ਕੁਆਲੀਫਿਕੇਸ਼ਨ ਈਵੈਂਟ ਬਾਅਦ ਵਿਚ ਕਰਵਾਏ ਜਾਣਗੇ। ਐੱਫ. ਆਈ. ਜੀ. ਕਾਰਜਕਾਰੀ ਕਮੇਟੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ, ਜਿਸ ਵਿਚ ਓਲੰਪਿਕ ਖੇਡਾਂ ਨੂੰ ਜੁਲਾਈ 2021 ਤਕ ਲਈ ਮੁਲਤਵੀ ਕਰਨ ਤੋਂ ਬਾਅਦ ਪੈਦਾ ਹੋਏ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਓਲੰਪਿਕ ਨੂੰ ਅਗਲੇ ਸਾਲ ਜੁਲਾਈ ਤਕ ਮੁਲਤਵੀ ਕਰ ਦਿੱਤਾ ਸੀ ਤੇ ਇਸਦੇ ਨਾਲ ਹੀ ਓਲੰਪਿਕ ਕੁਆਲੀਫਿਕੇਸ਼ਨ ਨੂੰ ਵੀ 29 ਜੂਨ 2021 ਤਕ ਲਈ ਵਧਾ ਦਿੱਤਾ ਸੀ।
ਜਿਮਾਨਸਟਿਕ ਲਈ ਜਾਰੀ 324 ਕੋਟਾ ਸਥਾਨਾਂ ਵਿਚੋਂ 75 ਫੀਸਦੀ ਕੋਟਾ ਹਾਸਲ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਦੇ ਕੁਆਲੀਫਾਇੰਗ ਈਵੈਂਟ ਨੂੰ ਮਾਰਚ ਤੇ ਮਈ ਦੇ ਅੰਤ ਤਕ ਪੂਰਾ ਕੀਤਾ ਜਾਣਾ ਸੀ ਪਰ ਕੋਰੋਨਾ ਕਾਰਣ ਇਹ ਪੂਰਾ ਨਹੀਂ ਹੋ ਸਕਿਆ। ਅਜ਼ਰਬੈਜਾਨ ਦੇ ਬਾਕੂ ਵਿਚ ਹੋਏ ਏਪਰੇਟਸ ਵਿਸ਼ਵ ਕੱਪ ਨੂੰ ਪਿਛਲੀ 13 ਮਾਰਚ ਨੂੰ ਟੂਰਨਾਮੈਂਟ ਪੂਰਾ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਕਾਰਜਕਾਰੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸਦੇ ਨਤੀਜੇ ਨੂੰ ਫਾਈਨਲ ਰੈਂਕਿੰਗ ਦੇ ਆਧਾਰ 'ਤੇ ਤੈਅ ਕੀਤਾ ਜਾਵੇਗਾ। ਜਿਮਨਾਸਟਿਕ ਦੇ ਬਾਕੀ ਸਾਰੇ ਕੁਆਲੀਫਾਇਰ ਵਿਸ਼ਵ ਕੱਪ ਤੇ ਕਾਂਟੀਨੈਂਟਲ ਚੈਂਪੀਅਨਸ਼ਿਪ ਕੋਰੋਨਾ ਕਾਰਣ ਫਿਲਹਾਲ ਨਹੀਂ ਕਰਵਾਏ ਜਾ ਰਹੇ ਹਨ ਤੇ ਉਮੀਦ ਹੈ ਕਿ ਪਾਬੰਦੀਆਂ ਹਟਣ ਤੇ ਹਾਲਾਤ ਸੁਧਰਨ ਤੋਂ ਬਾਅਦ ਕਰਵਾਏ ਜਾ ਸਕਦੇ ਹਨ।