ਹੁਣ ਨਹੀਂ ਚੱਲੇਗੀ ਭਾਰਤੀ ਖਿਡਾਰੀਆਂ ਦੀ ਮਨਮਰਜ਼ੀ, ਆਸਟ੍ਰੇਲੀਆ ਸੀਰੀਜ਼ ''ਚ ਹਾਰ ਪਿੱਛੋਂ ਆਰਾਮ ਹੋਵੇਗਾ ਹਰਾਮ

Monday, Jan 13, 2025 - 09:16 AM (IST)

ਹੁਣ ਨਹੀਂ ਚੱਲੇਗੀ ਭਾਰਤੀ ਖਿਡਾਰੀਆਂ ਦੀ ਮਨਮਰਜ਼ੀ, ਆਸਟ੍ਰੇਲੀਆ ਸੀਰੀਜ਼ ''ਚ ਹਾਰ ਪਿੱਛੋਂ ਆਰਾਮ ਹੋਵੇਗਾ ਹਰਾਮ

ਮੁੰਬਈ : ਆਸਟ੍ਰੇਲੀਆ ਦੌਰੇ 'ਤੇ ਬਾਰਡਰ-ਗਾਵਸਕਰ ਟਰਾਫੀ (BGT) 'ਚ ਮਿਲੀ ਹਾਰ ਤੋਂ ਬਾਅਦ ਭਾਰਤੀ ਖਿਡਾਰੀਆਂ ਲਈ ਕੁਝ ਵੀ ਚੰਗਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤੀ ਟੀਮ ਨੂੰ ਹੁਣ ਇੰਗਲੈਂਡ ਖਿਲਾਫ ਘਰੇਲੂ ਮੈਦਾਨ 'ਤੇ ਟੀ-20 ਅਤੇ ਵਨਡੇ ਸੀਰੀਜ਼ ਖੇਡਣੀ ਹੈ। ਪਰ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੀਜੀਟੀ ਦੀ ਹਾਰ ਨੂੰ ਲੈ ਕੇ ਮੁੰਬਈ 'ਚ ਸਮੀਖਿਆ ਬੈਠਕ ਕੀਤੀ, ਜਿਸ 'ਚ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ।

ਮੀਟਿੰਗ ਵਿਚ ਖਿਡਾਰੀਆਂ ਵੱਲੋਂ ਦੁਵੱਲੀ ਲੜੀ ਵਿਚ ਲਗਾਤਾਰ ਨਾ ਖੇਡਣ ਅਤੇ ਵਿਚਕਾਰ ਆਰਾਮ ਕਰਨ ਦਾ ਮੁੱਦਾ ਵੀ ਉਠਾਇਆ ਗਿਆ। ਭਾਰਤੀ ਟੀਮ ਪ੍ਰਬੰਧਨ ਨੇ ਇਸ 'ਤੇ ਚਿੰਤਾ ਪ੍ਰਗਟਾਈ ਹੈ। ਸਮਝਿਆ ਜਾਂਦਾ ਹੈ ਕਿ ਖਿਡਾਰੀ ਹੁਣ ਤੋਂ ਖੇਡਣ ਨੂੰ ਲੈ ਕੇ ਆਪਣੀ ਮਨਮਰਜ਼ੀ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ : ਇਸ ਤਾਰੀਖ ਤੋਂ ਸ਼ੁਰੂ ਹੋਵੇਗਾ IPL 2025 ਦਾ ਸੀਜ਼ਨ, BCCI ਨੇ ਕੀਤਾ ਐਲਾਨ

ਹੁਣ ਹੋ ਸਕਦਾ ਹੈ ਆਰਾਮ ਹਰਾਮ
ਬੀਸੀਸੀਆਈ ਦੀ ਮੀਟਿੰਗ ਵਿਚ ਸਖ਼ਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਹੁਣ ਤੋਂ ਭਾਰਤੀ ਖਿਡਾਰੀਆਂ ਨੂੰ ਸਾਰੀਆਂ ਸੀਰੀਜ਼ਾਂ ਲਈ ਉਪਲਬਧ ਹੋਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਖਿਡਾਰੀਆਂ ਦੇ ਆਰਾਮ 'ਤੇ ਹੁਣ ਪਾਬੰਦੀ ਲੱਗ ਸਕਦੀ ਹੈ। ਇਸ ਦੀ ਵੱਡੀ ਜ਼ਿੰਮੇਵਾਰੀ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਮੁੱਖ ਕੋਚ ਗੌਤਮ ਗੰਭੀਰ 'ਤੇ ਹੋਵੇਗੀ। ਉਨ੍ਹਾਂ ਨੂੰ ਖਿਡਾਰੀਆਂ ਦੀ ਮੌਜੂਦਗੀ ਯਕੀਨੀ ਬਣਾਉਣੀ ਪਵੇਗੀ। ਹਾਲ ਹੀ ਦੇ ਸਮੇਂ ਵਿਚ ਇਹ ਦੇਖਿਆ ਗਿਆ ਹੈ ਕਿ ਖਿਡਾਰੀ ਵਰਕਲੋਡ ਪ੍ਰਬੰਧਨ, ਸੱਟ ਆਦਿ ਵਰਗੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੁਝ ਸੀਰੀਜ਼ ਤੋਂ ਦੂਰ ਰਹਿੰਦੇ ਹਨ। ਹਾਲਾਂਕਿ, ਉਹ ਵੱਡੀਆਂ ਟੀਮਾਂ ਖਿਲਾਫ ਮੈਚਾਂ ਲਈ ਉਪਲਬਧ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਪੋਰਟਸ ਟਾਕ ਵੱਲੋਂ ਦੋ-ਪੱਖੀ ਸੀਰੀਜ਼ ਅਤੇ ਘਰੇਲੂ ਕ੍ਰਿਕਟ ਖੇਡਣ ਨੂੰ ਲੈ ਕੇ ਟੀਮ ਮੈਨੇਜਮੈਂਟ ਖਿਡਾਰੀਆਂ ਦੇ ਮਨਮਾਨੇ ਰਵੱਈਏ ਤੋਂ ਖੁਸ਼ ਨਹੀਂ ਹੈ।

ਮੈਡੀਕਲ ਕਾਰਨਾਂ ਨਾਲ ਹੀ ਮਿਲ ਸਕੇਗਾ ਬ੍ਰੇਕ
ਹੁਣ ਖਿਡਾਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਖਿਡਾਰੀ ਹਰ ਸੀਰੀਜ਼ ਲਈ ਉਪਲਬਧ ਹੋਣਗੇ। ਜੇਕਰ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਚੱਲ ਰਹੀ ਹੈ ਤਾਂ ਖਿਡਾਰੀ ਆਪੋ-ਆਪਣੇ ਘਰੇਲੂ ਟੀਮਾਂ ਲਈ ਖੇਡਣਗੇ। ਚਾਹੇ ਉਹ ਫਸਟ ਕਲਾਸ ਮੈਚ ਹੋਵੇ ਜਾਂ ਸੀਮਤ ਓਵਰਾਂ ਦੀ ਕ੍ਰਿਕਟ। ਜੇਕਰ ਕੋਈ ਖਿਡਾਰੀ ਸੱਟ ਕਾਰਨ ਆਰਾਮ ਚਾਹੁੰਦਾ ਹੈ ਤਾਂ ਉਸ ਨੂੰ ਉਚਿਤ ਅਤੇ ਲੋੜੀਂਦੇ ਡਾਕਟਰੀ ਕਾਰਨ ਦੇਣੇ ਹੋਣਗੇ। ਬੀਸੀਸੀਆਈ ਨੇ ਸਾਲ 2024 ਦੀ ਸ਼ੁਰੂਆਤ ਵਿਚ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਸਾਰੇ ਖਿਡਾਰੀਆਂ ਲਈ ਘਰੇਲੂ ਕ੍ਰਿਕਟ ਖੇਡਣਾ ਲਾਜ਼ਮੀ ਹੋਵੇਗਾ। ਇਸ ਵਿਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ਼ਮੀ ਦੀ ਹੋ ਗਈ ਭਾਰਤੀ ਟੀਮ 'ਚ ਵਾਪਸੀ
ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਦੇ ਖਿਲਾਫ ਘਰੇਲੂ ਮੈਦਾਨ 'ਤੇ 5 ਟੀ-20 ਅਤੇ 3 ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਫਿਲਹਾਲ ਬੀਸੀਸੀਆਈ ਨੇ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਸੂਰਿਆਕੁਮਾਰ ਯਾਦਵ ਸੀਰੀਜ਼ 'ਚ ਟੀਮ ਦੀ ਕਪਤਾਨੀ ਕਰਨਗੇ, ਜਦਕਿ ਅਕਸ਼ਰ ਪਟੇਲ ਨੂੰ ਇਸ ਸੀਰੀਜ਼ ਲਈ ਉਪ ਕਪਤਾਨ ਬਣਾਇਆ ਗਿਆ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸ਼ਮੀ 2023 ਵਨਡੇ ਵਿਸ਼ਵ ਕੱਪ ਤੋਂ ਬਾਅਦ ਐਕਸ਼ਨ ਤੋਂ ਦੂਰ ਸਨ। ਇੰਗਲੈਂਡ ਨੇ ਭਾਰਤ ਦੌਰੇ ਲਈ ਪਹਿਲਾਂ ਹੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਸੀ।

ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ:
ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ (ਉਪ ਕਪਤਾਨ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ (ਵਿਕਟਕੀਪਰ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News