ਹੁਣ ਯੁਵਾ ਮੁੱਕੇਬਾਜ਼ਾਂ ਦਾ ਸੁਪਨਾ ਪੂਰਾ ਕਰਨ ''ਚ ਲੱਗੀ ਮੈਰੀਕਾਮ

02/04/2018 4:28:11 PM

ਇੰਫਾਲ, (ਬਿਊਰੋ)— ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ. ਮੈਰੀਕਾਮ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਕਰੀਅਰ 'ਚ ਜੋ ਸਹੂਲਤਾਂ ਨਹੀਂ ਮਿਲੀਆਂ ਉਹ ਉਭਰਦੇ ਮੁੱਕੇਬਾਜ਼ਾਂ ਨੂੰ ਮਿਲੇ ਅਤੇ ਇਸ ਲਈ ਉਹ ਆਪਣੀ ਖੇਤਰੀ ਅਕੈਡਮੀ ਨੂੰ ਵਿਸਥਾਰ ਦਿੰਦੀ ਜਾ ਰਹੀ ਹੈ ਹਾਲਾਂਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਇਸ ਦੇ ਉਦਘਾਟਨ ਦਾ ਉਨ੍ਹਾਂ ਨੂੰ ਅਜੇ ਇੰਤਜ਼ਾਰ ਹੈ।

ਮਣੀਪੁਰ ਦੇ ਇੰਫਾਲ ਜ਼ਿਲੇ ਦੇ ਲਾਂਗੋਲ ਪਹਾੜੀਆਂ 'ਚ ਮੈਰੀਕਾਮ ਬਾਕਸਿੰਗ ਅਕੈਡਮੀ ਹੈ ਜੋ 3.3 ਏਕੜ 'ਚ ਫੈਲੀ ਹੈ। ਇਹ ਸੂਬੇ ਦੀ ਰਾਜਧਾਨੀ ਇੰਫਾਲ ਦੇ ਮੁੱਖ ਕੇਂਦਰ ਤੋਂ 10 ਕਿਲੋਮੀਟਰ ਦੂਰ ਹੈ। ਇਸ ਤਿੰਨ ਮੰਜ਼ਿਲਾ ਇਮਾਰਤ 'ਚ ਅਜੇ ਵੀ 45 ਯੁਵਾ ਮੁੱਕੇਬਾਜ਼ ਹਨ ਜਿਸ 'ਚ 20 ਕੁੜੀਆਂ ਵੀ ਸ਼ਾਮਲ ਹਨ। ਮੇਰੀਕਾਮ ਦੇ ਪਤੀ ਅਤੇ ਅਕੈਡਮੀ ਦੇ ਪ੍ਰਬੰਧ ਨਿਰਦੇਸ਼ਕ ਓਨਲਰ ਕਾਰੋਂਗ ਨੇ ਪੱਤਰਕਾਰਾਂ ਨੂੰ ਕਿਹਾ,''ਮੈਰੀ ਉਸ ਖੇਡ ਨੂੰ ਵਾਪਸ ਕੁਝ ਦੇਣਾ ਚਾਹੁੰਦੀ ਹੈ ਜਿਸ ਨੇ ਉਸ ਨੂੰ ਲੋਕਪ੍ਰਿਯ ਬਣਾਇਆ ਅਤੇ ਇਹ ਉਸ ਦਾ ਸੁਪਨਾ ਸੱਚ ਹੋਣ ਜਿਹਾ ਹੈ।''

ਉਨ੍ਹਾਂ ਕਿਹਾ, ''ਅਸੀਂ ਮਣੀਪੁਰ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਜ਼ਿਆਦਾ ਅਕੈਡਮੀਆਂ ਚਾਹੁੰਦੇ ਹਾਂ। ਅਤੀ ਆਧੁਨਿਕ ਉਪਕਰਣਾਂ ਅਤੇ ਸਹੂਲਤਾਂ ਦੇ ਕਾਰਨ ਮੈਨੂੰ ਲਗਦਾ ਹੈ ਕਿ ਭਾਰਤ 'ਚ ਇਹ ਇਸ ਤਰ੍ਹਾਂ ਦੀ ਪਹਿਲੀ ਅਕੈਡਮੀ ਹੈ। ਇਹ ਪਹਿਲੀ ਆਲਟਾਈਮ ਮੁੱਕੇਬਾਜ਼ੀ ਅਕੈਡਮੀ ਹੈ। ਜਿਸ 'ਚ ਮੁੱਕੇਬਾਜ਼ਾਂ ਲਈ ਸਾਰੀਆਂ ਆਧੁਨਿਕ ਸਹੂਲਤਾਂ ਹਨ।'' ਮੈਰੀਕਾਮ ਅਤੇ ਅਕੈਡਮੀ ਨੂੰ ਹਾਲਾਂਕਿ ਰਸਮੀ ਉਦਘਾਟਨ ਦੇ ਲਈ ਮੋਦੀ ਦਾ ਇੰਤਜ਼ਾਰ ਹੈ। 

ਇਸ ਸਬੰਧ 'ਚ ਪਹਿਲਾਂ ਪ੍ਰਧਾਨਮੰਤਰੀ ਤੋਂ ਬੇਨਤੀ ਕੀਤੀ ਗਈ ਸੀ। ਓਨਲਰ ਨੇ ਕਿਹਾ, ''ਇਸ ਨੂੰ ਤਿਆਰ ਹੋਏ ਲਗਭਗ 2 ਸਾਲ ਹੋ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨਮੰਤਰੀ ਰਸਮੀ ਤੌਰ 'ਤੇ ਇਸ ਦਾ ਉਦਘਾਟਨ ਕਰਨ ਅਤੇ ਇਸ ਲਈ ਅਸੀਂ ਇੰਤਜ਼ਾਰ ਕਰ ਰਹੇ ਹਾਂ।'' ਓਲਨਰ ਨੇ ਕਿਹਾ, ''ਅਸੀਂ ਪ੍ਰਧਾਨਮੰਤਰੀ ਦਫਤਰ 'ਚ ਰਾਜਮੰਤਰੀ ਨੂੰ ਤਿੰਨ ਵਾਰ ਮਿਲੇ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪ੍ਰਧਾਨਮੰਤਰੀ ਇਸ ਦਾ ਉਦਘਾਟਨ ਕਰਨਗੇ। ਸਾਨੂੰ ਉਮੀਦ ਹੈ ਕਿ ਇਸ ਸਾਲ ਕਿਸੇ ਵੀ ਸਮੇਂ ਅਜਿਹਾ ਹੋਵੇਗਾ।''


Related News