ਜੋਕੋਵਿਚ ਨੇ ਆਸਟਰੇਲੀਆਈ ਵੀਜ਼ਾ ਮਾਮਲੇ ਨੂੰ ਮੰਦਭਾਗਾ ਕਰਾਰ ਦਿੱਤਾ
Friday, Feb 04, 2022 - 10:35 AM (IST)
ਬੇਲਗ੍ਰੇਡ (ਭਾਸ਼ਾ)- ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਵਿਚ ਖ਼ੁਦ ਨੂੰ ਹਿਰਾਸਤ ਵਿਚ ਰੱਖਣ ਅਤੇ ਡਿਪੋਰਟ ਕੀਤੇ ਜਾਣ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ, ਜਿਸ ਕਾਰਨ ਉਹ ਆਪਣੇ ਆਸਟਰੇਲੀਅਨ ਓਪਨ ਦੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੇ। ਉਨ੍ਹਾਂ ਨੇ ਨਾਲ ਹੀ ਸਰਬੀਆ ਦੇ ਰਾਸ਼ਟਰਪਤੀ ਦਾ ਸਮਰਥਨ ਲਈ ਧੰਨਵਾਦ ਵੀ ਕੀਤਾ। ਜੋਕੋਵਿਚ ਨੂੰ ਆਸਟਰੇਲੀਆ ਦੀਆਂ ਸਖ਼ਤ ਕੋਵਿਡ-19 ਟੀਕਾਕਰਨ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿਣ ਕਾਰਨ ਦੇਸ਼ ਵਿਚੋਂ ਡਿਪੋਰਟ ਕਰ ਦਿੱਤਾ ਗਿਆ ਸੀ। ਸਿਖ਼ਰਲੇ ਦਰਜੇ ਦੇ ਟੈਨਿਸ ਸਟਾਰ ਨੇ ਵੀਰਵਾਰ ਨੂੰ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਸਿਚ ਨਾਲ ਮੁਲਾਕਾਤ ਕੀਤੀ ਅਤੇ ਆਸਟਰੇਲੀਆ ਵਿਚ ਦਾਖਲੇ ਵੀਜ਼ਾ ਨੂੰ ਲੈ ਕੇ 11 ਦਿਨਾਂ ਦੀ ਘਟਨਾ ਨੂੰ ‘ਮੰਦਭਾਗਾ’ ਕਰਾਰ ਦਿੱਤਾ।
ਇਹ ਵੀ ਪੜ੍ਹੋ: ਭਾਰਤੀ ਸਰਦ ਰੁੱਤ ਓਲੰਪਿਕ ਟੀਮ ਦੇ ਮੈਨੇਜਰ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਜੋਕੋਵਿਚ ਨੇ ਕਿਹਾ, ‘ਮੈਂ ਅੱਜ ਤੁਹਾਨੂੰ ਮਿਲਣਾ ਚਾਹੁੰਦਾ ਸੀ ਕਿਉਂਕਿ ਤੁਸੀਂ ਅਤੇ ਰਾਜ ਦੀਆਂ ਸੰਸਥਾਵਾਂ ਨੇ ਆਸਟਰੇਲੀਆ ਵਿਚ ਮੰਦਭਾਗੀ ਘਟਨਾਵਾਂ ਦੌਰਾਨ ਜਿਸ ਤਰ੍ਹਾਂ ਮੇਰਾ ਸਮਰਥਨ ਕੀਤਾ ਸੀ, ਉਸ ਲਈ ਮੈਂ ਸਰਬੀਆ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸੀ।’ ਉਨ੍ਹਾਂ ਕਿਹਾ, ‘ਹਾਲਾਂਕਿ ਮੈਂ ਹਿਰਾਸਤ ਵਿਚ ਇਕੱਲਾ ਸੀ ਅਤੇ ਮੈਨੂੰ ਕਈ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਇਕੱਲਾ ਮਹਿਸੂਸ ਨਹੀਂ ਕੀਤਾ। ਮੈਨੂੰ ਮੇਰੇ ਪਰਿਵਾਰ, ਕਰੀਬੀ ਲੋਕਾਂ ਅਤੇ ਪੂਰੇ ਸਰਬੀਅਨ ਦੇਸ਼ ਦਾ ਪੂਰਾ ਸਮਰਥਨ ਮਿਲ ਰਿਹਾ ਸੀ।’ ਹਾਲਾਂਕਿ ਉਨ੍ਹਾਂ ਨੇ ਆਸਟਰੇਲੀਆ ਵਿਚ ਵਾਪਰੀਆਂ ਘਟਨਾਵਾਂ ਬਾਰੇ ਕੋਈ ਗੱਲ ਨਹੀਂ ਕੀਤੀ ਪਰ ਵਾਅਦਾ ਕੀਤਾ ਕਿ ਉਹ ਬਾਅਦ ਵਿਚ ਆਪਣਾ ਪੱਖ ਜ਼ਰੂਰ ਪੇਸ਼ ਕਰਨਗੇ।
ਇਹ ਵੀ ਪੜ੍ਹੋ: ਇੰਗਲੈਂਡ ਟੀਮ ਦੇ ਪ੍ਰਬੰਧਕ ਨਿਰਦੇਸ਼ਕ ਐਸ਼ਲੇ ਜਾਈਲਸ ਨੂੰ ਇਸ ਵਜ੍ਹਾ ਕਾਰਨ ਛੱਡਣਾ ਪਿਆ ਅਹੁਦਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।