ਨੋਵਾਕ ਜੋਕੋਵਿਚ ਨੇ 2023 ਦੀ ਸ਼ੁਰੂਆਤ ਸਿੰਗਲਜ਼ ਵਰਗ ਵਿੱਚ ਜਿੱਤ ਨਾਲ ਕੀਤੀ
Wednesday, Jan 04, 2023 - 12:02 PM (IST)
ਸਪੋਰਟਸ ਡੈਸਕ : ਨੋਵਾਕ ਜੋਕੋਵਿਚ ਨੇ ਮੰਗਲਵਾਰ ਨੂੰ ਐਡੀਲੇਡ ਇੰਟਰਨੈਸ਼ਨਲ ਦੇ ਪਹਿਲੇ ਦੌਰ ਵਿੱਚ ਫਰਾਂਸ ਦੇ ਕਾਂਸਟੈਂਟ ਲੇਸਟੀਨ ਨੂੰ 6-3, 6-2 ਨਾਲ ਹਰਾ ਕੇ ਆਸਟਰੇਲੀਆ ਵਿੱਚ ਸਿੰਗਲਜ਼ ਮੈਚਾਂ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਇਹ 2018 ਤੋਂ ਬਾਅਦ ਆਸਟਰੇਲੀਆਈ ਧਰਤੀ 'ਤੇ ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਦੀ ਲਗਾਤਾਰ 30ਵੀਂ ਸਿੰਗਲ ਜਿੱਤ ਸੀ।
ਸੋਮਵਾਰ ਨੂੰ ਡਬਲਜ਼ ਵਿੱਚ ਹਾਰ ਝੱਲਣ ਤੋਂ ਬਾਅਦ ਜੋਕੋਵਿਚ ਦਾ ਸੀਜ਼ਨ ਦਾ ਇਹ ਪਹਿਲਾ ਸਿੰਗਲਜ਼ ਮੈਚ ਸੀ। ਜੇਕਰ ਉਹ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਾ ਹੈ ਤਾਂ ਸੈਮੀਫਾਈਨਲ 'ਚ ਉਸ ਨੂੰ 7ਵੀਂ ਰੈਂਕਿੰਗ ਦੇ ਡੇਨੀਲ ਮੇਦਵੇਦੇਵ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਦਵੇਦੇਵ ਖਿਲਾਫ ਪਹਿਲੇ ਦੌਰ ਦੇ ਮੈਚ 'ਚ ਇਟਲੀ ਦਾ ਲੋਰੇਂਜੋ ਸੋਨੇਗੋ ਸੱਟ ਕਾਰਨ ਪਿੱਛੇ ਹਟ ਗਿਆ।
ਜਦੋਂ ਖੇਡ ਰੋਕੀ ਗਈ ਤਾਂ ਮੇਦਵੇਦੇਵ 7-6, 2-1 ਨਾਲ ਅੱਗੇ ਸੀ। ਐਡੀਲੇਡ ਵਿੱਚ ਦਰਸ਼ਕਾਂ ਦੁਆਰਾ ਜੋਕੋਵਿਚ ਦਾ ਮੁੜ ਨਿੱਘਾ ਸਵਾਗਤ ਕੀਤਾ ਗਿਆ, ਜਿੱਥੇ ਉਸਨੇ 19 ਸਾਲ ਦੀ ਉਮਰ ਵਿੱਚ ਟੂਰਨਾਮੈਂਟ ਜਿੱਤਿਆ ਸੀ। 21 ਵਾਰ ਦੇ ਇਸ ਗ੍ਰੈਂਡ ਸਲੈਮ ਚੈਂਪੀਅਨ ਨੂੰ ਪਿਛਲੇ ਸਾਲ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਕੋਵਿਡ-19 ਦਾ ਟੀਕਾ ਨਾ ਲਗਵਾਉਣ ਕਾਰਨ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ।
ਆਸਟ੍ਰੇਲੀਆ ਪਰਤਣ ਬਾਰੇ ਪੁੱਛੇ ਜਾਣ 'ਤੇ ਜੋਕੋਵਿਚ ਨੇ ਕਿਹਾ ਕਿ ਤੁਸੀਂ ਜਿਸ 'ਤੇ ਧਿਆਨ ਕੇਂਦਰਿਤ ਕਰਦੇ ਹੋ, ਤੁਸੀਂ ਬਣ ਜਾਂਦੇ ਹੋ। ਜੇ ਮੈਂ ਨਕਾਰਾਤਮਕਤਾ 'ਤੇ ਧਿਆਨ ਕੇਂਦਰਤ ਕਰਾਗਾਂ, ਤਾਂ ਮੈਂ ਉਹੀ ਆਕਰਸ਼ਿਤ ਕਰਾਂਗਾ, ਇਸ ਲਈ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਮੈਨੂੰ ਕੋਈ ਸ਼ਿਕਾਇਤ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।