ਜੋਕੋਵਿਚ ਦੇ ਇਤਿਹਾਸ ਬਣਾਉਣ ਦੇ ਰਸਤੇ ''ਚ ਨਡਾਲ, ਫੈਡਰਰ ਦੀ ਚੁਣੌਤੀ

Thursday, May 23, 2019 - 02:04 PM (IST)

ਜੋਕੋਵਿਚ ਦੇ ਇਤਿਹਾਸ ਬਣਾਉਣ ਦੇ ਰਸਤੇ ''ਚ ਨਡਾਲ, ਫੈਡਰਰ ਦੀ ਚੁਣੌਤੀ

ਪੈਰਿਸ— ਨੋਵਾਕ ਜੋਕੋਵਿਚ ਫ੍ਰੈਂਚ ਓਪਨ 'ਚ ਜਿੱਤ ਦੇ ਨਾਲ ਟੈਨਿਸ ਇਤਿਹਾਸ 'ਚ ਅਜਿਹੇ ਦੂਜੇ ਖਿਡਾਰੀ ਹੋ ਸਕਦੇ ਹਨ ਜਿਨ੍ਹਾਂ ਨੇ ਦੋ ਵਾਰ ਸਾਰੇ ਚਾਰੇ ਗ੍ਰੈਂਡਸਲੈਮ ਖਿਤਾਬ ਆਪਣੇ ਨਾਂ ਕੀਤੇ ਹਨ। ਟੂਰਨਾਮੈਂਟ 'ਚ ਦਿੱਗਜ ਰੋਜਰ ਫੈਡਰਰ ਦੀ ਵਾਪਸੀ ਅਤੇ ਰਾਫੇਲ ਨਡਾਲ ਦੇ ਲੈਅ 'ਚ ਆਉਣ ਨਾਲ ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਜੋਕੋਵਿਚ ਦਾ ਰਸਤਾ ਇੰਨਾ ਸੌਖਾ ਨਹੀਂ ਹੋਵੇਗਾ। ਟੂਰਨਾਮੈਂਟ ਦੇ ਕੁਆਲੀਫਾਇਰ ਮੁਕਾਬਲੇ 20 ਮਈ ਤੋਂ ਖੇਡੇ ਜਾ ਰਹੇ ਹੈ ਜਦਕਿ ਮੁੱਖ ਮੁਕਾਬਲੇ 26 ਮਈ ਤੋਂ ਸ਼ੁਰੂ ਹੋਣਗੇ।

ਜੋਕੋਵਿਚ ਇਸ ਤੋਂ ਪਹਿਲਾਂ 2016 'ਚ ਚਾਰੇ ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਹਨ। ਉਨ੍ਹਾਂ 2018 'ਚ ਵਿੰਬਲਡਨ ਅਤੇ ਯੂ.ਐੱਸ. ਓਪਨ ਦਾ ਖਿਤਾਬ ਜਿੱਤਣ ਦੇ ਬਾਅਦ ਇਸ ਸਾਲ ਜਨਵਰੀ 'ਚ ਆਪਣਾ ਸਤਵਾਂ ਆਸਟਰੇਲੀਆਈ ਓਪਨ ਦਾ ਖਿਤਾਬ ਜਿੱਤਿਆ ਹੈ। ਜੋਕੋਵਿਚ ਨੇ ਅਜੇ ਤਕ 15 ਗ੍ਰੈਂਡਸਲੈਮ ਖਿਤਾਬ ਜਿੱਤੇ ਹਨ ਜਦਕਿ ਇਸ ਮਾਮਲੇ 'ਚ ਫੈਡਰਰ ਅਤੇ ਨਡਾਲ ਕ੍ਰਮਵਾਰ 20 ਅਤੇ 17 ਖਿਤਾਬ ਦੇ ਨਾਲ ਉਨ੍ਹਾਂ ਤੋਂ ਅੱਗੇ ਹਨ। ਇਨ੍ਹਾਂ ਦੋਹਾਂ ਖਿਡਾਰੀਆਂ ਨੇ ਵੀ ਕਰੀਅਰ ਸਲੈਮ ਨੂੰ ਪੂਰਾ ਕੀਤਾ ਹੈ ਪਰ ਇਕੱਠਿਆਂ ਚਾਰੇ ਵੱਡੇ ਖਿਤਾਬ ਇਕ ਵਾਰ 'ਚ ਜਿੱਤਣ 'ਚ ਸਫਲ ਨਹੀਂ ਰਹੇ ਹਨ। ਟੈਨਿਸ ਦੇ ਇਤਿਹਾਸ 'ਚ ਜੋਕੋਵਿਚ ਤੋਂ ਪਹਿਲਾਂ ਸਿਰਫ ਡਾਨ ਬੁਡਗੇ (1938) ਅਤੇ ਰਾਡ ਲਾਵੇਰ (1962 ਅਤੇ 1969) ਹੀ ਇਕੱਠਿਆਂ ਚਾਰੇ ਖਿਤਾਬ ਦੇ ਜੇਤੂ ਰਹੇ ਹਨ। 

ਸਰਬੀਆ ਦੇ ਜੋਕੋਵਿਚ ਨੂੰ ਪਿਛਲੇ ਹਫਤੇ ਇਟੈਲੀਅਨ ਓਪਨ 'ਚ ਨਡਾਲ ਨੇ ਹਰਾਇਆ ਸੀ ਅਤੇ ਸਪੇਨ ਦਾ ਇਹ ਖਿਡਾਰੀ ਰੋਲਾਂ ਗੈਰੋ 'ਚ ਆਪਣਾ 12ਵਾਂ ਖਿਤਾਬ ਜਿੱਤਣਾ ਚਾਹੇਗਾ। ਰਿਕਾਰਡ 11ਵੀਂ ਵਾਰ ਫ੍ਰੈਂਚ ਓਪਨ ਜਿੱਤਣ ਵਾਲੇ ਨਡਾਲ ਨੇ ਐਤਵਾਰ ਨੂੰ ਨੌਵੀਂ ਵਾਰ ਇਟੈਲੀਅਨ ਓਪਨ ਚੈਂਪੀਅਨ ਬਣ ਕੇ ਲੈਅ 'ਚ ਹੋਣ ਦਾ ਸੰਕੇਤ ਦੇ ਦਿੱਤਾ ਹੈ। ਫੈਡਰਰ 2015 ਦੇ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ 'ਚ ਖੇਡਣਗੇ। ਜੇਕਰ ਉਹ 37 ਸਾਲ ਦੀ ਉਮਰ 'ਚ ਇਸ ਖਿਤਾਬ ਨੂੰ ਜਿੱਤਦੇ ਹਨ ਤਾਂ ਫ੍ਰੈਂਚ ਓਪਨ ਦੇ ਸਭ ਤੋਂ ਉਮਰਦਰਾਜ਼ ਜੇਤੂ ਹੋਣਗੇ। ਜੋਕੋਵਿਚ ਅਤੇ ਫੈਡਰਰ ਦੇ ਇਲਾਵਾ ਵਿਸ਼ਵ ਰੈਂਕਿੰਗ 'ਚ ਚੌਥੇ ਨੰਬਰ 'ਤੇ ਕਾਬਜ ਡੋਮਨਿਕ ਥਿਏਮ ਅਤੇ ਛੇਵੇਂ ਸਥਾਨ 'ਤੇ ਕਾਬਜ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਵੀ ਜਿੱਤ ਦੇ ਦਾਅਵੇਦਾਰ ਹੋਣਗੇ। ਇਸ ਖੇਡ ਦੇ ਸਭ ਤੋਂ ਵੱਡੇ ਖਿਡਾਰੀ ਦੇ ਤੌਰ 'ਤੇ ਦੇਖੇ ਜਾ ਰਹੇ ਹਨ ਜਰਮਨੀ ਦੇ ਅਲੈਕਜ਼ੈਂਡਰ ਜਵੇਰੇਵ ਦੇ ਪ੍ਰਦਰਸ਼ਨ 'ਤੇ ਵੀ ਸਾਰੀਆਂ ਦੀਆਂ ਨਿਗਾਹਾਂ ਹੋਣਗੀਆਂ।


author

Tarsem Singh

Content Editor

Related News