ਜੋਕੋਵਿਚ ਸਿਨਸਿਨਾਟੀ ਓਪਨ ਤੋਂ ਹਟੇ, ਸਿੱਧੇ ਯੂ. ਐੱਸ. ਓਪਨ ’ਚ ਖੇਡਣਗੇ

08/10/2021 1:50:11 PM

ਸਿਨਸਿਨਾਟੀ— ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਏ ਹਨ ਜਿਸ ਦਾ ਮਤਲਬ ਹੈ ਕਿ ਉਹ ਯੂ. ਐੱਸ. ਓਪਨ ਦੇ ਦੌਰਾਨ ਹੀ ਕੋਰਟ ’ਤੇ ਦਿਸਣਗੇ ਜਿੱਥੇ ਉਹ ਕਰੀਅਰ ’ਚ ਲਗਾਤਾਰ ਚਾਰ ਗ੍ਰੈਂਡ ਸਲੈਮ ਜਿੱਤਣ ਦੀ ਕੋਸ਼ਿਸ਼ ਕਰਨਗੇ। ਜੋਕੋਵਿਚ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਨੂੰ ਆਸਟਰੇਲੀਆ ਤੋਂ ਲੈ ਕੇ ਟੋਕੀਓ ਤਕ ਦੇ ਰੁਝੇਵੇਂ ਭਰੇ ਪ੍ਰੋਗਰਾਮ ਦੇ ਬਾਅਦ ਤਰੋਤਾਜ਼ਾ ਹੋਣ ਲਈ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ।

ਇਸ ਸਾਲ ਗ੍ਰੈਂਡਸਲੈਮ ’ਚ ਜੋਕੋਵਿਚ ਦਾ ਰਿਕਾਰਡ 21-0 ਹੈ। ਉਨ੍ਹਾਂ ਨੇ ਫ਼ਰਵਰੀ ’ਚ ਹਾਰਡ ਕੋਰਟ ’ਤੇ ਆਸਟਰੇਲੀਆਈ ਓਪਨ, ਜੂਨ ’ਚ ਕਲੇਅ ਕੋਰਟ ’ਤੇ ਫ੍ਰੈਂਚ ਓਪਨ ਤੇ ਜੁਲਾਈ ’ਚ ਗ੍ਰਾਸ ਕੋਰਟ ’ਤੇ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਸੀ। ਰਾਡ ਲੀਵਰ ਦੇ 1969 ’ਚ ਇਕ ਸਾਲ ’ਚ ਚਾਰ ਗ੍ਰੈਂਡ ਸਲੈਮ ਜਿੱਤਣ ਦੇ ਬਾਅਦ ਕੋਈ ਵੀ ਪੁਰਸ਼ ਖਿਡਾਰੀ ਇਕ ਸਾਲ ’ਚ ਪਹਿਲੇ ਤਿੰਨ ਗ੍ਰੈਂਡ ਸਲੈਮ ਨਹੀਂ ਜਿੱਤ ਸਕਿਆ ਸੀ ਤੇ ਜੋਕੋਵਿਚ ਕੋਲ ਹੁਣ ਲੀਵਰ ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਮੌਕਾ ਹੈ।

ਵਿੰਬਲਡਨ ਦੇ ਬਾਅਦ ਜੋਕੋਵਿਚ ਨੇ ਇਕ ਸੈਸ਼ਨ ਚ ਚਾਰਾਂ ਗ੍ਰੈਂਡਸਲੈਮ ਤੇ ਓਲੰਪਿਕ ਸੋਨ ਤਮਗ਼ਾ ਹਾਸਲ ਕਰਨ ਦੇ ਲਈ ਟੋਕੀਓ ਓਲੰਪਿਕ ’ਚ ਹਿੱਸਾ ਲਿਆ ਸੀ ਪਰ ਉਹ ਸੈਮੀਫ਼ਾਈਨਲ ’ਚ ਜਰਮਨੀ ਦੇ ਅਲੇਕਸਾਂਦਰ ਜ਼ਵੇਰੇਵ ਤੇ ਕਾਂਸੀ ਤਮਗ਼ੇ ਦੇ ਮੁਕਾਬਲੇ ’ਚ ਸਪੇਨ ਦੇ ਪਾਬਲੋ ਕਾਰੇਨੋ ਤੋਂ ਹਾਰ ਗਏ ਸਨ ਤੇ ਇਸ ਤਰ੍ਹਾਂ ਤਮਗ਼ਾ ਜਿੱਤਣ ’ਚ ਅਸਫ਼ਲ ਰਹੇ ਸਨ।


Tarsem Singh

Content Editor

Related News