ਨਾਰਵੇ ਸ਼ਤਰੰਜ : ਅਮਰੀਕਾ ਦੇ ਫਬੀਆਨੋ ਕਰੂਆਨਾ ਨੇ ਬਣਾਈ ਬੜ੍ਹਤ

Wednesday, Oct 07, 2020 - 09:10 PM (IST)

ਨਾਰਵੇ ਸ਼ਤਰੰਜ : ਅਮਰੀਕਾ ਦੇ ਫਬੀਆਨੋ ਕਰੂਆਨਾ ਨੇ ਬਣਾਈ ਬੜ੍ਹਤ

ਸਟਾਵੇਂਗਰ/ਨਾਰਵੇ (ਨਿਕਲੇਸ਼ ਜੈਨ)- ਲੰਮੇ ਸਮੇਂ ਬਾਅਦ ਹੋਣ ਜਾ ਰਹੇ ਆਨ ਦਿ ਬੋਰਡ ਕਲਾਸੀਕਲ ਸ਼ਤਰੰਜ ਟੂਰਨਾਮੈਂਟ ਨਾਰਵੇ ਸ਼ਤਰੰਜ 'ਚ ਅਮਰੀਕਾ ਦੇ ਫਬੀਆਨੋ ਕਰੂਆਨਾ ਨੇ ਲਗਾਤਾਰ 2 ਮੁਕਾਬਲੇ ਜਿੱਤ ਕੇ ਪ੍ਰਤੀਯੋਗਿਤਾ ਦੀ ਸ਼ੁਰੂਆਤ ਕਰਦੇ ਹੋਏ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ। ਪਹਿਲੇ ਦਿਨ ਉਸ ਨੇ ਮੇਜ਼ਬਾਨ ਨਾਰਵੇ ਦੇ ਨੌਜਵਾਨ ਆਰੀਅਨ ਤਾਰੀ ਨੂੰ ਸ਼ਾਨਦਾਰ ਐਂਡਗੇਮ ਨਾਲ ਹਰਾਇਆ ਸੀ। ਦੂਜੇ ਦਿਨ ਪੋਲੈਂਡ ਦੇ ਜਾਨ ਡੁੱਡਾ ਨੂੰ ਉਸ ਨੇ ਆਪਣੇ ਊਂਠ ਅਤੇ ਘੌੜੇ ਦੇ ਸ਼ਾਨਦਾਰ ਤਾਲਮੇਲ ਨਾਲ ਸਲਾਵ ਡਿਫੈਂਸ 'ਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ 94 ਚਾਲਾਂ ਤੱਕ ਚੱਲੇ ਮੁਕਾਬਲੇ 'ਚ ਹਰਾਇਆ।
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਕਲਾਸੀਕਲ ਮੁਕਾਬਲਿਆਂ 'ਚ ਲਗਾਤਾਰ ਦੂਜਾ ਮੁਕਾਬਲਾ ਡਰਾਅ ਖੇਡਣਾ ਪਿਆ ਅਤੇ ਇਸ ਵਾਰ ਫੀਡੇ ਦੇ 17 ਸਾਲਾ ਖਿਡਾਰੀ ਅਲੀਰੇਜਾ ਫਿਰੌਜਾ ਨੇ ਉਸ ਨੂੰ ਡਰਾਅ 'ਤੇ ਰੋਕ ਲਿਆ ਹਾਲਾਂਕਿ ਟਾਈਬ੍ਰੇਕ 'ਚ ਉਸ ਨੇ ਮੁਕਾਬਲਾ ਜਿੱਤਿਆ ਪਰ ਇਸ ਨਾਲ ਕਾਰਲਸਨ ਨੂੰ ਇਕ ਵਾਰ ਫਿਰ 1.5 ਅੰਕ ਹੀ ਮਿਲੇ ਜਦਕਿ ਅਲੀਰੇਜਾ ਨੂੰ 1 ਅੰਕ ਹਾਸਲ ਹੋਇਆ।
ਤੀਜੇ ਮੁਕਾਬਲੇ 'ਚ ਰਾਏ ਲੋਪੇਜ ਮਾਰਸ਼ਲ ਅਟੈਕ 'ਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਲੇਵੋਨ ਆਰੋਨੀਅਨ ਨੇ ਨਾਰਵੇ ਦੇ ਆਰੀਅਨ ਤਾਰੀ ਨੂੰ ਊਂਠ ਅਤੇ ਹਾਥੀ ਦੇ ਐਂਡਗੇਮ ਵਿਚ 48 ਚਾਲਾਂ 'ਚ ਹਰਾਇਆ। ਸ਼ੁਰੂਆਤੀ 2 ਰਾਊਂਡ ਤੋਂ ਬਾਅਦ ਫਬੀਆਨੋ ਕਰੂਆਨਾ 6 ਅੰਕ, ਅਲੀਰੇਜਾ ਫਿਰੌਜਾ 4 ਅੰਕ, ਲੇਵੋਨ ਅਰੋਨੀਅਨ 4 ਅੰਕ ਅਤੇ ਮੇਗਨਸ ਕਾਰਲਸਨ 3 ਅੰਕਾਂ 'ਤੇ ਖੇਡ ਰਹੇ ਹਨ, ਜਦਕਿ ਆਰੀਅਨ ਤਾਰੀ ਅਤੇ ਜਾਨ ਡੁੱਡਾ ਦਾ ਅਜੇ ਵੀ ਖਾਤਾ ਖੁੱਲਣਾ ਬਾਕੀ ਹੈ।


author

Gurdeep Singh

Content Editor

Related News