ਮਾੜੇ ਵਤੀਰੇ ਲਈ ਜਗ੍ਹਾ ਨਹੀਂ ਪਰ ਤਾਨ੍ਹੇ-ਮਿਹਣਿਆਂ ਦੀ ਉਮੀਦ : ਲੈਂਗਰ
Wednesday, Nov 25, 2020 - 09:27 PM (IST)
ਸ਼ਿਡਨੀ– ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਆਉਣ ਵਾਲੀ ਲੜੀ 'ਚ ਜਦ ਭਾਰਤ ਵਿਰੁੱਧ ਉਤਰੇਗੀ ਤਾਂ ਮਾੜੇ ਵਤੀਰੇ ਲਈ ਕੋਈ ਜਗ੍ਹਾ ਨਹੀਂ ਹੋਵੇਗੀ ਪਰ 2 ਟੱਕਰ ਦੀਆਂ ਟੀਮਾਂ ਵਿਚਾਲੇ ਉਨ੍ਹਾਂ ਨੂੰ ਕਾਫੀ ਤਾਨ੍ਹੇ-ਮਿਹਣਿਆਂ ਦੀ ਉਮੀਦ ਹੈ। ਖੁਦ ਹਮਲਾਵਰ ਖਿਡਾਰੀ ਰਹੇ ਲੈਂਗਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਆਸਟਰੇਲੀਆਈ ਖਿਡਾਰੀਆਂ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਰਵੱਈਏ 'ਤੇ ਕਾਫੀ ਗੱਲ ਕੀਤੀ ਹੈ। ਕਿਸੇ ਵੀ ਹਾਲ 'ਚ ਜਿੱਤ ਹਾਸਲ ਕਰਨ ਦੀ ਆਪਣੇ ਖਿਡਾਰੀਆਂ ਦੀ ਸੋਚ ਲਈ ਬੀਤੇ ਸਮੇਂ 'ਚ ਆਸਟਰੇਲੀਆ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਣ ਟੀਮ ਦੇ ਰਵੱਈਏ ਅਤੇ ਨੈਤਕਿਤਾ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਵੀ ਹੋਇਆ ਸੀ। ਲੈਂਗਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਅਸੀਂ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੇ ਰਵੱਈਏ 'ਤੇ ਚਰਚਾ ਕੀਤੀ ਹੈ ਅਸੀਂ ਗੱਲ ਕੀਤੀ ਹੈ ਕਿ ਮਾੜੇ ਵਤੀਰੇ ਲਈ ਕੋਈ ਜਗ੍ਹਾ ਨਹੀਂ ਹੈ ਪਰ ਤਾਨ੍ਹੇ-ਮਿਹਣਿਆਂ ਲਈ ਕਾਫੀ ਜਗ੍ਹਾ ਹੈ ਅਤੇ ਇਹ ਮੁਕਾਬਲੇਬਾਜ਼ ਰਵੱਈਆ ਹੈ।
ਭਾਰਤੀ ਗੇਂਦਬਾਜ਼ਾਂ ਲਈ ਕਾਫੀ ਸਨਮਾਨ ਹੈ ਪਰ ਸਾਡੇ ਬੱਲੇਬਾਜ਼ਾਂ ਨੇ ਉਨ੍ਹਾਂ ਨੂੰ ਕਾਫੀ ਖੇਡਿਆ ਹੈ
ਆਸਟਰੇਲੀਆਈ ਕੋਚ ਨੇ ਕਿਹਾ ਕਿ ਉਹ ਭਾਰਤ ਦੇ ਮਜ਼ਬੂਤ ਗੇਂਦਬਾਜ਼ੀ ਹਮਲੇ ਦਾ ਕਾਫੀ ਸਨਮਾਨ ਕਰਦੇ ਹਨ ਪਰ ਉਨ੍ਹਾਂ ਦੀ ਟੀਮ ਦੇ ਬੱਲੇਬਾਜ਼ ਉਨ੍ਹਾਂ ਦੀਆਂ ਰਣਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਆਉਣ ਵਾਲੀ ਲੜੀ 'ਚ ਉਨ੍ਹਾਂ ਦੀ ਕਿਸੇ ਵੀ ਚੁਣੌਤੀ ਲਈ ਤਿਆਰ ਹਨ। ਲੈਂਗਰ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਜਸਪ੍ਰੀਤ ਬੁਮਰਾਹ ਵਿਸ਼ਵ ਪੱਧਰੀ ਗੇਂਦਬਾਜ਼ ਹੈ ਅਤੇ ਮੁਹੰਮਦ ਸ਼ਮੀ ਪਾਰੀ ਦੀ ਸ਼ੁਰੂਆਤ ਕਰਨ ਲਈ ਸ਼ਾਨਦਾਰ ਸਾਥੀ ਹੈ। ਅਸੀਂ ਇਨ੍ਹਾਂ ਦਾ ਕਾਫੀ ਸਨਮਾਨ ਕਰਦੇ ਹਾਂ ਪਰ ਆਈ. ਪੀ. ਐੱਲ. ਰਾਹੀਂ ਅਤੇ ਪਿਛਲੇ ਕੁਝ ਸਾਲਾਂ 'ਚ ਸਾਡੇ ਖਿਡਾਰੀਆਂ ਨੇ ਉਨ੍ਹਾਂ ਨੂੰ ਕਾਫੀ ਖੇਡਿਆ ਹੈ।