ਬਾਰਸੀਲੋਨਾ ਤੇ ਮੇਸੀ ਦੇ ਵਿਚਾਲੇ ਪਹਿਲੀ ਮੀਟਿੰਗ ਤੋਂ ਬਾਅਦ ਨਹੀਂ ਨਿਕਲਿਆ ਨਤੀਜਾ

09/03/2020 8:59:28 PM

ਬਾਰਸੀਲੋਨਾ– ਲਿਓਨਲ ਮੇਸੀ ਦੇ ਬਾਰਸੀਲੋਨਾ ਦੇ ਨਾਲ ਭਵਿੱਖ ਨੂੰ ਲੈ ਕੇ ਅਜੇ ਵੀ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਇਸ ਸਟਾਰ ਫੁੱਟਬਾਲਰ ਦੇ ਪਿਤਾ ਤੇ ਕਲੱਬ ਦੇ ਅਧਿਕਾਰੀਆਂ ਵਿਚਾਲੇ ਪਹਿਲੀ ਮੀਟਿੰਗ ਬਿਨਾਂ ਕਿਸੇ ਨਤੀਜੇ 'ਤੇ ਖਤਮ ਹੋ ਗਈ । ਇਸ ਮੀਟਿੰਗ ਦੇ ਬਾਰੇ ਵਿਚ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਕਲੱਬ ਦੇ ਮੁਖੀ ਜੋਸੇਫ ਬਾਰਟੋਮਿਊ ਤੇ ਮੇਸੀ ਦੇ ਪਿਤਾ ਤੇ ਏਜੰਟ ਜਾਰਜ ਮੇਸੀ ਵਿਚਾਲੇ ਇਸ ਅਰਜਨਟੀਨੀ ਸਟਾਰ ਦੇ ਕਲੱਬ ਛੱਡਣ ਦੀ ਬੇਨਤੀ 'ਤੇ ਡੇਢ ਘੰਟੇ ਤੋਂ ਵੀ ਵਧੇਰੇ ਸਮੇਂ ਤਕ ਗੱਲਬਾਤ ਹੋਈ ਪਰ ਇਸ ਵਿਚ ਕੋਈ ਹੱਲ ਨਹੀਂ ਨਿਕਲਿਆ।

PunjabKesari
ਲਿਓਨਿਲ ਮੇਸੀ ਨੇ ਪਿਛਲੇ ਹਫਤੇ ਬਾਰਸੀਲੋਨਾ ਨੂੰ ਕਿਹਾ ਸੀ ਕਿ ਉਹ ਕਲੱਬ ਛੱਡਣਾ ਚਾਹੁੰਦਾ ਹੈ। ਉਸ ਨੇ ਆਪਣੇ ਕਰਾਰ ਦੇ ਉਸ ਨਿਯਮ ਦਾ ਸਹਾਰਾ ਲਿਆ ਸੀ, ਜਿਸ ਦੇ ਅਨੁਸਾਰ ਉਹ ਸੈਸ਼ਨ ਦੇ ਅੰਤ ਵਿਚ ਬਿਨਾਂ ਕੋਈ ਰਾਸ਼ੀ ਦਿੱਤੇ ਕਲੱਬ ਤੋਂ ਜਾ ਸਕਦਾ ਹੈ ਪਰ ਬਾਰਸੀਲੋਨਾ ਨੇ ਦਾਅਵਾ ਕੀਤਾ ਹੈ ਕਿ ਇਸ ਨਿਯਮ ਦੀ ਮਿਆਦ ਜੂਨ ਵਿਚ ਖਤਮ ਹੋ ਗਈ ਹੈ ਤੇ ਉਸ ਨੂੰ ਜੂਨ 2021 ਤਕ ਆਪਣੇ ਮੌਜੂਦਾ ਕਰਾਰ ਨੂੰ ਪੂਰਾ ਕਰਨਾ ਪਵੇਗਾ ਜਾਂ ਫਿਰ ਕਲੱਬ ਛੱਡਣ ਤੋਂ ਪਹਿਲਾਂ 70 ਕਰੋੜ ਯੂਰੋ (83 ਕਰੋੜ 70 ਲੱਖ ਡਾਲਰ) ਦਾ ਭੁਗਤਾਨ ਕਰਨਾ ਪਵੇਗਾ। 

PunjabKesari
ਬਾਰਸੀਲੋਨਾ ਕਹਿ ਰਿਹਾ ਹੈ ਕਿ ਮੇਸੀ ਦੇ ਕਲੱਬ ਤੋਂ ਜਾਣ ਵਿਚ ਸਹਾਇਤਾ ਨਹੀਂ ਕਰੇਗਾ ਤੇ ਸਿਰਫ ਕਰਾਰ ਨੂੰ ਵਧਾਉਣ 'ਤੇ ਗੱਲਬਾਤ ਕਰੇਗਾ। ਕਲੱਬ ਨੇ ਅਰਜਨਟੀਨਾ ਦੇ ਇਸ ਸਟਾਰ ਫੁੱਟਬਾਲਰ ਨੂੰ ਦੋ ਸਾਲ ਦਾ ਕਰਾਰ ਵਧਾਉਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਨਾਲ ਉਹ 2022-23 ਸੈਸ਼ਨ ਤਕ ਟੀਮ ਨਾਲ ਜੁੜਿਆ ਰਹੇਗਾ। ਮੀਟਿੰਗ ਵਿਚ ਬਾਰਸੀਲੋਨਾ ਦੇ ਅਧਿਕਾਰੀ ਜੇਵੀਅਰ ਬੋਰਡਾਰਸ ਤੇ ਮੇਸੀ ਦਾ ਭਰਾ ਰੋਡ੍ਰਿਗੋ ਵੀ ਸ਼ਾਮਲ ਸਨ। ਮੇਸੀ ਦੇ ਪਰਿਵਾਰ ਦਾ ਇਕ ਵਕੀਲ ਵੀ ਇਸ ਦੌਰਾਨ ਹਾਜ਼ਰ ਸੀ। ਮੀਟਿੰਗ ਵਿਚ ਦੋਵਾਂ ਪੱਖਾਂ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ। ਜਾਰਜ ਮੇਸੀ ਨੇ ਕਿਹਾ ਕਿ ਖਿਡਾਰੀ ਕਲੱਬ ਨੂੰ ਛੱਡਣਾ ਚਾਹੁੰਦੇ ਹਨ ਤੇ ਬਾਰਸੀਲੋਨਾ ਨੇ ਕਿਹਾ ਕਿ ਉਹ ਟਰਾਂਸਫਰ ਦੀ ਬੇਨਤੀ ਸਵੀਕਾਰ ਨਹੀਂ ਕਰੇਗਾ।


Gurdeep Singh

Content Editor

Related News