ਜਿੱਤ ਤੋਂ ਬਾਅਦ ਰਸੇਲ ਨੇ ਕਿਹਾ, ਕੋਈ ਵੀ ਮੈਦਾਨ ਮੇਰੇ ਲਈ ਵੱਡਾ ਨਹੀਂ
Saturday, Apr 06, 2019 - 04:41 PM (IST)

ਬੈਂਗਲੁਰੂ— ਕੋਲਕਾਤਾ ਨਾਈਟਰਾਈਡਰਸ ਲਈ ਖੇਡ ਰਹੇ ਵੈਸਟ ਇੰਡੀਜ਼ ਦੇ ਧਾਕੜ ਆਂਦਰੇ ਰਸੇਲ ਨੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਪਾਵਰ ਹਿਟਿੰਗ ਦਾ ਜ਼ਬਰਦਸਤ ਨਮੂਨਾ ਪੇਸ਼ ਕੀਤਾ। ਰਸੇਲ ਨੇ ਮੈਚ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਉਨ੍ਹਾਂ ਦੇ ਲਈ ਕੋਈ ਵੀ ਮੈਦਾਨ ਵੱਡਾ ਹੈ। ਰਸੇਲ ਨੇ ਸਿਰਫ 13 ਗੇਂਦਾਂ 'ਤੇ ਇਕ ਚੌਕੇ ਤੇ ਤਾਬੜਤੋੜ 7 ਛੱਕਿਆਂ ਦੀ ਮਦਦ ਤੋਂ ਅਜੇਤੂ 48 ਦੌੜਾਂ ਬਣਾਏ ਤੇ ਆਰ. ਸੀ. ਬੀ. ਦੇ 5 ਵਿਕਟਾਂ 'ਤੇ 205 ਦੌੜਾਂ ਦੇ ਵੱਡੇ ਸਕੋਰ ਨੂੰ ਵੀ ਛੋਟਾ ਬਣਾ ਦਿੱਤਾ।
ਇਸ ਹਰਫਨਮੌਲਾ ਖਿਡਾਰੀ ਨੇ ਕਿਹਾ ਕਿ ਉਸ ਨੂੰ ਲਗਾ ਸੀ ਕਿ ਆਸਟ੍ਰੇਲੀਆ ਦੇ ਮੈਦਾਨ ਵੱਡੇ ਹੁੰਦੇ ਹਨ ਪਰ ਉੱਥੇ ਵੀ ਕਈ ਵਾਰ ਬੱਲੇ ਨਾਲ ਗੇਂਦ ਨੂੰ ਦਰਸ਼ਕਾਂ ਦੇ ਕੋਲ ਭੇਜ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਹੈਰਾਨ ਕੀਤਾ। ਮੈਨੂੰ ਲਗਦਾ ਹੈ ਕਿ ਮੇਰੇ ਲਈ ਕੋਈ ਵੀ ਮੈਦਾਨ ਵੱਡੇ ਨਹੀਂ ਹੈ। ਮੈਨੂੰ ਆਪਣੀ ਪਾਵਰ 'ਤੇ ਭਰੋਸਾ ਹੈ ਤੇ ਮੈਂ ਆਪਣੀ ਤਾਕਤ 'ਤੇ ਵਿਸ਼ਵਾਸ ਕਰਦਾ ਹਾਂ। ਮੇਰੇ ਬੱਲੇ ਦੀ ਰਫ਼ਤਾਰ ਵੀ ਕਾਫ਼ੀ ਤੇਜ਼ ਹੈ। ਮੈਂ ਇਸ 'ਤੇ ਭਰੋਸਾ ਕਰਦਾ ਹਾਂ।
ਕੇ.ਕੇ. ਆਰ. ਨੂੰ ਆਖਰੀ 4 ਓਵਰ 'ਚ 66 ਦੌੜਾਂ ਚਾਹੀਦੀਆਂ ਸਨ ਤੇ ਤੱਦ ਰਸੇਲ ਨੇ ਜ਼ਿੰਮੇਦਾਰੀ ਸਾਂਭੀ ਤੇ 5 ਗੇਂਦ ਬਾਕੀ ਰਹਿੰਦੀਆਂ ਹੀ ਟੀਮ ਨੂੰ ਟੀਚੇ ਤੱਕ ਪਹੁੰਚਾ ਦਿੱਤਾ। ਰਸੇਲ ਨੇ ਕਿਹਾ, 'ਮੈਨੂੰ ਦੂਜੇ ਖਿਡਾਰੀਆਂ ਤੋਂ ਚੰਗਾ ਸਾਥ ਨਾਲ ਮਿਲਦਾ ਹੈ ਤੇ ਮੈਂ ਵੀ ਲੈਅ 'ਚ ਹਾਂ। ਜ਼ਿਆਦਾ ਵਿਸਥਾਰ ਨਾਲ ਦੱਸਣ ਦੀ ਜਗ੍ਹਾ ਮੈਂ ਮੈਦਾਨ 'ਚ ਅਜਿਹਾ ਕਰਕੇ ਦਿਖਾਉਣਾ ਚਾਹਾਂਗਾ। '