ਨੰਬਰ-1 ਟੀਮ ਭਾਰਤ ਨੂੰ ਹਰ ਹਾਲਾਤ ''ਚ ਜਿੱਤਣਾ ਚਾਹੀਦੈ : ਗੰਭੀਰ
Thursday, Dec 21, 2017 - 12:34 AM (IST)

ਨਵੀਂ ਦਿੱਲੀ— ਭਾਰਤੀ ਟੀਮ 'ਚੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਦੁਨੀਆ ਦੀ ਨੰਬਰ-1 ਟੀਮ ਭਾਰਤ ਨੂੰ ਕਿਸੇ ਵੀ ਹਾਲਾਤ 'ਚ ਜਿੱਤ ਦਰਜ ਕਰਨੀ ਚਾਹੀਦੀ ਹੈ। ਗੰਭੀਰ ਨੇ ਇਹ ਟਿੱਪਣੀ ਭਾਰਤੀ ਟੀਮ ਦੇ ਅਗਲੇ ਮਹੀਨੇ ਦੱਖਣੀ ਅਫਰੀਕੀ ਦੌਰੇ ਸਬੰਧੀ ਕੀਤੀ, ਜਿਥੇ ਵਿਰਾਟ ਕੋਹਲੀ ਦੀ ਟੀਮ ਦੀ ਟੈਸਟ ਤੇ ਸੀਮਤ ਓਵਰਾਂ ਦੀ ਲੜੀ 'ਚ ਸਖਤ ਪ੍ਰੀਖਿਆ ਹੋਵੇਗੀ। ਭਾਰਤੀ ਟੀਮ 2018 'ਚ ਵਿਦੇਸ਼ਾਂ 'ਚ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਉਹ ਇਸ ਦੀ ਸ਼ੁਰੂਆਤ ਦੱਖਣੀ ਅਫਰੀਕਾ ਵਿਰੁੱਧ 5 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ 'ਚ ਕਰੇਗੀ। ਇਸ ਤੋਂ ਬਾਅਦ ਭਾਰਤ ਨੇ ਇੰਗਲੈਂਡ ਅਤੇ ਆਸਟ੍ਰੇਲੀਆ ਦੌਰੇ 'ਤੇ ਜਾਣਾ ਹੈ। ਉਥੋਂ ਦੇ ਹਾਲਾਤ ਸਪਿਨਰਾਂ ਦੇ ਮੁਤਾਬਕ ਨਹੀਂ ਹਨ। ਇਸ ਤੋਂ ਇਲਾਵਾ ਉਥੇ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਲਾਈਨਅੱਪ ਦੀ ਮੂਵ ਕਰਦੀਆਂ ਗੇਂਦਾਂ ਸਾਹਮਣੇ ਵੀ ਪ੍ਰੀਖਿਆ ਹੋਵੇਗੀ। ਕੋਹਲੀ ਨੇ ਚਾਹੇ ਕਪਤਾਨ ਦੇ ਰੂਪ 'ਚ 32 ਟੈਸਟ ਮੈਚਾਂ 'ਚੋਂ 20 ਵਿਚ ਜਿੱਤ ਦਰਜ ਕੀਤੀ ਹੋਵੇ, ਜੇਕਰ ਕੋਹਲੀ ਅਤੇ ਭਾਰਤ ਵਿਦੇਸ਼ੀ ਜ਼ਮੀਨ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਟੀਮ ਦੀ ਸਮਰੱਥਾ 'ਤੇ ਵੀ ਸਵਾਲ ਉੱਠਣ ਲੱਗਣਗੇ।