ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ ਗੋਲਡਨ ਹੈਟ੍ਰਿਕ, ਨਿਕਹਤ ਜ਼ਰੀਨ ਨੇ ਜਿੱਤਿਆ ਸੋਨ ਤਮਗਾ
Sunday, Mar 26, 2023 - 07:35 PM (IST)
 
            
            ਸਪੋਰਟਸ ਡੈਸਕ : ਦਿੱਲੀ ’ਚ ਹੋ ਰਹੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤੀ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨਿਕਹਤ ਜ਼ਰੀਨ ਨੇ ਭਾਰਤ ਲਈ ਤੀਜਾ ਸੋਨ ਤਮਗਾ ਜਿੱਤਿਆ ਹੈ। 50 ਕਿਲੋਗ੍ਰਾਮ ਵਰਗ ਦੇ ਫਾਈਨਲ ਮੁਕਾਬਲੇ ’ਚ ਨਿਕਹਤ ਜ਼ਰੀਨ ਨੇ ਵੀਅਤਨਾਮ ਦੀ ਗੁਏਨ ਥੀ ਟੈਮ ਨੂੰ 5-0 ਨਾਲ ਹਰਾਇਆ। ਨਿਕਹਤ ਜ਼ਰੀਨ ਵਿਸ਼ਵ ਚੈਂਪੀਅਨਸ਼ਿਪ ’ਚ ਦੋ ਗੋਲਡ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼ ਹੈ।
ਇਹ ਖ਼ਬਰ ਵੀ ਪੜ੍ਹੋ : ਰਾਮ ਰਹੀਮ ਦਾ ਅਹਿਮ ਫ਼ੈਸਲਾ, ਡੇਰੇ ਦਾ ਸਿਆਸੀ ਵਿੰਗ ਕੀਤਾ ਭੰਗ
26 ਸਾਲਾ ਨਿਕਹਤ ਜ਼ਰੀਨ ਨੇ ਪਿਛਲੇ ਸਾਲ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਵੀ ਸੋਨ ਤਮਗਾ ਜਿੱਤਿਆ ਸੀ। ਤਜਰਬੇਕਾਰ ਐੱਮ.ਸੀ. ਮੈਰੀਕਾਮ ਨੇ ਇਸ ਚੈਂਪੀਅਨਸ਼ਿਪ ਵਿਚ ਰਿਕਾਰਡ 6 ਵਾਰ (2002, 2005, 2006, 2008, 2010 ਅਤੇ 2018) ਸੋਨ ਤਮਗੇ ਜਿੱਤੇ ਹਨ। ਇਸ ਦੇ ਨਾਲ ਹੀ ਸਰਿਤਾ ਦੇਵੀ (2006), ਜੈਨੀ ਆਰਐਲ (2006), ਲੇਖਾ ਕੇਸੀ (2006), ਨੀਤੂ ਘੰਘਾਸ (2023) ਅਤੇ ਸਵੀਟੀ ਬੂਰਾ (2023) ਵੀ ਭਾਰਤੀ ਮੁੱਕੇਬਾਜ਼ ਹਨ, ਜਿਨ੍ਹਾਂ ਨੇ ਇਸ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਹੈ।
ਨੀਤੂ-ਸਵੀਟੀ ਨੇ ਵੀ ਗੋਲਡ ਜਿੱਤਿਆ
25 ਮਾਰਚ (ਸ਼ਨੀਵਾਰ) ਨੂੰ ਦੋ ਭਾਰਤੀ ਮੁੱਕੇਬਾਜ਼ ਸੋਨ ਤਮਗੇ ਜਿੱਤਣ ’ਚ ਸਫਲ ਰਹੇ। ਰਾਸ਼ਟਰਮੰਡਲ ਖੇਡਾਂ 2022 ਦੀ ਸੋਨ ਤਮਗਾ ਜੇਤੂ ਨੀਤੂ ਘੰਘਾਸ ਨੇ 48 ਕਿਲੋ ਭਾਰ ਵਰਗ ਵਿਚ ਅਤੇ ਤਜਰਬੇਕਾਰ ਮੁੱਕੇਬਾਜ਼ ਸਵੀਟੀ ਬੂਰਾ ਨੇ 81 ਕਿਲੋ ਭਾਰ ਵਰਗ ’ਚ ਸੁਨਹਿਰੀ ਸਫ਼ਲਤਾ ਹਾਸਲ ਕੀਤੀ। ਨੀਤੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ’ਚ ਮੰਗੋਲੀਆ ਦੀ ਲੁਤਸਾਈਖਾਨ ਅਲਟਾਨਸੇਟਸੇਗ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ 30 ਸਾਲਾ ਸਵੀਟੀ ਨੇ ਲਾਈਟ ਹੈਵੀਵੇਟ ਵਰਗ ’ਚ ਚੀਨ ਦੀ ਵਾਂਗ ਲੀਨਾ ਦੀ ਚੁਣੌਤੀ ਨੂੰ ਪਛਾੜਦਿਆਂ 4-3 ਨਾਲ ਜਿੱਤ ਦਰਜ ਕੀਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            