ਅਰਜਨਟੀਨਾ ਖ਼ਿਲਾਫ਼ ਨਹੀਂ ਖੇਡਣਗੇ ਨੇਮਾਰ, ਜਾਣੋ ਵਜ੍ਹਾ
Tuesday, Nov 16, 2021 - 05:05 PM (IST)
ਬਿਊਨਸ ਆਇਰਸ- ਅਰਜਨਟੀਨਾ ਜਦੋਂ ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਮਹੱਤਵਪੂਰਨ ਕੁਆਲੀਫਾਇੰਗ ਮੈਚ 'ਚ ਬ੍ਰਾਜ਼ੀਲ ਨਾਲ ਭਿੜੇਗਾ ਤਾਂ ਲਿਓਨਿਲ ਮੇਸੀ ਮੈਦਾਨ 'ਤੇ ਉਤਰਨਗੇ ਪਰ ਖੱਬੇ ਪੱਟ 'ਚ ਦਰਦ ਦੇ ਕਾਰਨ ਨੇਮਾਰ ਇਸ ਮੈਚ 'ਚ ਨਹੀਂ ਖੇਡ ਸਕਣਗੇ। ਅਰਜਨਟੀਨਾ ਦੇ ਕੋਚ ਲਿਓਨਿਲ ਸਕਾਲੋਨੀ ਨੇ ਸੋਮਵਾਰ ਨੂੰ ਕਿਹਾ ਕਿ ਗੋਡੇ ਦੀ ਸੱਟ ਕਾਰਨ ਪਰੇਸ਼ਾਨ ਮੇਸੀ ਸਾਨ ਜੁਆਨ 'ਚ ਹੋਣ ਵਾਲੇ ਮੈਚ 'ਚ ਖੇਡਣਗੇ। ਇਸ ਮੈਚ 'ਚ ਜਿੱਤ ਨਾਲ ਅਰਜਨਟੀਨਾ ਅਗਲੇ ਸਾਲ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਸਿੱਧੇ ਕੁਆਲੀਫਾਈ ਕਰ ਲਵੇਗਾ।
ਇਸ ਤੋਂ ਕੁਝ ਘੰਟੇ ਬਾਅਦ ਬ੍ਰਾਜ਼ੀਲ ਫੁੱਟਬਾਲ ਮਹਾਸੰਘ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਨੇਮਾਰ ਸੰਭਾਵੀ ਸੱਟ ਨੂੰ ਲੈ ਕੇ ਖਦਸ਼ੇ ਦੀ ਸਥਿਤੀ 'ਚ ਹੈ ਤੇ ਇਸ ਲਈ ਇਸ ਮੈਚ 'ਚ ਨਹੀਂ ਖੇਡ ਸਕਣਗੇ। ਬ੍ਰਾਜ਼ੀਲ ਪਹਿਲਾਂ ਹੀ ਵਿਸ਼ਵ ਕੱਪ 'ਚ ਆਪਣੀ ਸਥਿਤੀ ਸੁਰੱਖਿਅਤ ਕਰ ਚੁੱਕਾ ਹੈ। ਨੇਮਾਰ ਦੇ ਦੋਸਤ ਤੇ ਵਿਰੋਧੀ ਮੁਕਾਬਲੇਬਾਜ਼ ਮੇਸੀ ਸ਼ੁੱਕਰਵਾਰ ਨੂੰ ਅਰਜਨਟੀਨਾ ਦੀ ਉਰੂਗਵੇ 'ਤੇ 1-0 ਨਾਲ ਜਿੱਤ ਦੇ ਦੌਰਾਨ ਸਿਰਫ਼ 15 ਮਿੰਟ ਤਕ ਹੀ ਖੇਡ ਸਕੇ ਸਨ। ਉਹ ਸੱਟ ਦਾ ਸ਼ਿਕਾਰ ਹੋਣ ਕਾਰਨ ਪੈਰਿਸ ਸੇਂਟ ਜਰਮੇਨ ਵਲੋਂ ਵੀ ਦੋ ਮੈਚਾਂ 'ਚ ਨਹੀਂ ਖੇਡ ਸਕੇ ਸਨ।