ਨਿਊਜ਼ੀਲੈਂਡ ਨੇ ਸ਼੍ਰੀਲੰਕਾ ਸਾਹਮਣੇ ਰੱਖਿਆ 660 ਦੌੜਾਂ ਦਾ ਪਹਾੜ ਵਰਗਾ ਟੀਚਾ
Friday, Dec 28, 2018 - 09:00 PM (IST)

ਕ੍ਰਾਈਸਟਚਰਚ- ਓਪਨਰ ਟਾਮ ਲਾਥਮ (176) ਤੇ ਹੈਨਰੀ ਨਿਕੋਲਸ (ਅਜੇਤੂ 162) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ ਚੌਥੀ ਵਿਕਟ ਲਈ 214 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ 4 ਵਿਕਟਾਂ 'ਤੇ 585 ਦੌੜਾਂ ਬਣਾ ਕੇ ਖਤਮ ਐਲਾਨ ਕਰ ਕੇ ਸ਼੍ਰੀਲੰਕਾ ਸਾਹਮਣੇ ਦੂਜੇ ਕ੍ਰਿਕਟ ਟੈਸਟ 'ਚ ਤੀਜੇ ਦਿਨ ਸ਼ੁੱਕਰਵਾਰ ਜਿੱਤ ਲਈ 660 ਦੌੜਾਂ ਦਾ ਪਹਾੜ ਵਰਗਾ ਟੀਚਾ ਰੱਖ ਦਿੱਤਾ।
ਨਿਊਜ਼ੀਲੈਂਡ ਨੇ ਸਵੇਰੇ 2 ਵਿਕਟਾਂ 'ਤੇ 231 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਟਾਮ ਲਾਥਮ ਨੇ ਕੱਲ ਦੀਆਂ 74 ਤੇ ਰੋਸ ਟੇਲਰ ਨੇ 25 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੇਲਰ 40 ਦੌੜਾਂ ਬਣਾ ਕੇ ਆਊਟ ਹੋਇਆ ਤੇ ਉਸ ਦੀ ਵਿਕਟ 247 ਦੇ ਸਕੋਰ 'ਤੇ ਡਿਗੀ।
ਲਾਥਮ ਨੇ ਇਸ ਤੋਂ ਬਾਅਦ ਨਿਕੋਲਸ ਨਾਲ ਚੌਥੀ ਵਿਕਟ ਲਈ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਲਾਥਮ ਨੇ 370 ਗੇਂਦਾਂ 'ਤੇ 176 ਦੌੜਾਂ 'ਚ 17 ਚੌਕੇ ਤੇ ਇਕ ਛੱਕਾ ਲਾਇਆ। ਲਾਥਮ ਦੀ ਵਿਕਟ ਦੁਸ਼ਮੰਤ ਚਮੀਰਾ ਨੇ ਲਈ। ਲਾਥਮ ਟੀਮ ਦੇ 461 ਦੇ ਸਕੋਰ 'ਤੇ ਆਊਟ ਹੋਇਆ। ਲਾਥਮ ਦਾ ਇਹ 8ਵਾਂ ਟੈਸਟ ਸੈਂਕੜਾ ਸੀ।
ਨਿਕੋਲਸ ਨੇ ਫਿਰ ਕੌਲਿਨ ਡੀ ਗ੍ਰੈਂਡਹੋਮ ਨਾਲ 5ਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 124 ਦੌੜਾਂ ਜੋੜੀਆਂ। ਨਿਕੋਲਸ ਦਾ ਇਹ ਚੌਥਾ ਸੈਂਕੜਾ ਤੇ ਉਸ ਦਾ ਸਰਵਸ੍ਰੇਸ਼ਠ ਸਕੋਰ ਸੀ। ਗ੍ਰੈਂਡਹੋਮ ਨੇ 45 ਗੇਂਦਾਂ 'ਤੇ ਅਜੇਤੂ 71 ਦੌੜਾਂ 'ਚ 6 ਚੌਕੇ ਤੇ 2 ਛੱਕੇ ਲਾਏ। ਸ਼੍ਰੀਲੰਕਾ ਨੇ ਟੀਚੇ ਦਾ ਪਿੱਛਾ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਤਕ 2 ਵਿਕਟਾਂ ਗੁਆ ਕੇ 24 ਦੌੜਾਂ ਬਣਾ ਲਈਆਂ ਹਨ, ਜਦਕਿ ਅਜੇ ਉਸ ਨੇ 636 ਦੌੜਾਂ ਹੋਰ ਬਣਾਉਣੀਆਂ ਹਨ।