ਭਾਰਤ ਵਿਰੁੱਧ ਵਨ ਡੇ ਲੜੀ ਲਈ ਨਿਊਜ਼ੀਲੈਂਡ ਨੇ ਨਵੇਂ ਗੇਂਦਬਾਜ਼ਾਂ ਨੂੰ ਚੁਣਿਆ

01/30/2020 7:00:13 PM

ਵੇਲਿੰਗਟਨ : ਮੁੱਖ ਤੇਜ਼ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਕਾਰਨ ਨਿਊਜ਼ੀਲੈਂਡ ਨੂੰ ਭਾਰਤ ਵਿਰੁੱਧ ਹੈਮਿਲਟਨ ਵਿਚ 5 ਫਰਵਰੀ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਲੜੀ ਲਈ ਨਵੇਂ ਗੇਂਦਬਾਜ਼ਾਂ ਨੂੰ ਚੁਣਨ ਲਈ ਮਜਬੂਰ ਹੋਣਾ ਪਿਆ। ਲੜੀ ਦੌਰਾਨ ਕਾਈਲ ਜੇਮੀਸਨ ਨੂੰ ਡੈਬਿਊ ਦਾ ਮੌਕਾ ਮਿਲ ਸਕਦਾ ਹੈ ਜਦਕਿ ਸਕਾਟ ਕੁਗੇਲਿਨ ਤੇ ਹਾਮਿਸ਼ ਬੇਨੇਟ ਨੇ ਲੰਬੇ ਸਮੇਂ ਬਾਅਦ ਟੀਮ ਵਿਚ ਵਾਪਸੀ ਕੀਤੀ ਹੈ। ਸੱਟਾਂ ਕਾਰਨ ਟ੍ਰੇਂਟ ਬੋਲਟ, ਲਾਕੀ ਫਰਗਿਊਸਨ ਤੇ ਮੈਟ ਹੈਨਰੀ ਵਰਗੇ ਗੇਂਦਬਾਜ਼ ਲੜੀ ਲਈ ਉਪਲੱਬਧ ਨਹੀਂ ਹੋਣਗੇ। ਟੀਮ ਨੂੰ ਤਜਰਬੇਕਾਰ ਤੇਜ਼ ਗੇਂਦਬਾਜ ਟਿਮ ਸਾਊਥੀ ਤੋਂ ਕਾਫੀ ਉਮੀਦਾਂ ਹੋਣਗੀਆਂ ਜਦਕਿ ਕੌਲਿਨ ਡੀ ਗ੍ਰੈਂਡਹੋਮ ਨੂੰ ਆਖਰੀ-2 ਟੀ-20 ਕੌਮਾਂਤਰੀ ਮੈਚਾਂ ਲਈ ਬਾਹਰ ਕੀਤੇ ਜਾਣ ਤੋਂ ਬਾਅਦ ਵਨ ਡੇ ਵਿਚ ਜਗ੍ਹਾ ਮਿਲੀ ਹੈ। ਜਿਮੀ ਨੀਸ਼ਾਮ ਤੇ ਮਿਸ਼ੇਲ ਸੈਂਟਰਨ ਆਲਰਾਊਂਡਰ ਦੀ ਭੂਮਿਕਾ ਨਿਭਾਏਗਾ।

ਇਸ ਵਿਚਾਲੇ ਈਸ਼ ਸੋਢੀ ਨੂੰ ਸਿਰਫ ਪਹਿਲੇ ਵਨ ਡੇ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤ-ਏ ਤੇ ਨਿਊਜ਼ੀਲੈਂਡ-ਏ ਵਿਚਾਲੇ 7 ਫਰਵਰੀ ਤੋਂ ਕ੍ਰਾਈਸਟਚਰਚ ਵਿਚ ਹੋਣ ਵਾਲੇ ਗੈਰ-ਰਸਮੀ ਟੈਸਟ ਲਈ ਉਸ ਨੂੰ ਰਿਲੀਜ਼ ਕੀਤਾ ਜਾਵੇਗਾ। ਕੋਚ ਗੈਰੀ ਸਟੀਡ ਨੇ ਕਿਹਾ ਕਿ ਉਸਦੀ ਟੀਮ ਆਗਾਮੀ ਲੜੀ ਵਿਚ ਮਿਲਣ ਵਾਲੀ ਚੁਣੌਤੀ ਤੋਂ ਜਾਣੂ ਹੈ ਤੇ ਉਸਦੇ ਬੱਲੇਬਾਜਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।

ਵਨ ਡੇ ਟੀਮ ਇਸ ਤਰ੍ਹਾਂ ਹੈ : ਕੇਨ ਵਿਲੀਅਮਸਨ (ਕਪਤਾਨ), ਹਾਮਿਸ਼ ਬੇਨੇਟ, ਟਾਮ ਬਲੰਡੇਲ, ਕੌਲਿਨ ਡੀ ਗ੍ਰੈਂਡਹੋਮ, ਮਾਰਟਿਨ ਗੁਪਟਿਲ, ਕਾਈਲ ਜੇਮੀਸਨ, ਸਕਾਟ ਕੁਗੇਲਿਨ, ਟਾਮ ਲਾਥਮ, ਜਿਮੀ ਨੀਸ਼ਮ, ਹੈਨਰੀ ਨਿਕੋਲਸ, ਮਿਸ਼ੇਲ ਸੈਂਟਨਰ, ਈਸ਼ ਸੋਢੀ (ਪਹਿਲੇ ਵਨ ਡੇ ਲਈ ਹੀ), ਟੀਮ ਸਾਊਥੀ ਤੇ ਰੋਸ ਟੇਲਰ।


Related News