ਨਿਊਜ਼ੀਲੈਂਡ ਨੇ ਸੁਰੱਖਿਆ ਸਬੰਧੀ ਕਾਰਨਾਂ ਕਰਕੇ ਪਾਕਿ ਦਾ ਦੌਰਾ ਕੀਤਾ ਰੱਦ, ਟੀਮ ਬੁਲਾਈ ਵਾਪਸ

Friday, Sep 17, 2021 - 04:47 PM (IST)

ਸਪੋਰਟਸ ਡੈਸਕ- ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਪਹਿਲਾ ਕੌਮਾਂਤਰੀ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸੁਰੱਖਿਆ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਦਾ ਆਪਣਾ ਵਰਤਮਾਨ ਦੌਰਾ ਰੱਦ ਕਰ ਦਿੱਤਾ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਪਣੀ ਟੀਮ ਨੂੰ ਅਚਾਨਕ ਪਾਕਿਸਤਾਨ ਤੋਂ ਵਾਪਸ ਆਉਣ ਦੇ ਹੁਕਮ ਦੇ ਦਿੱਤੇ ਹਨ। ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੀ ਟੀਮ ਨੇ ਪਾਕਸਿਤਾਨ ਦੇ ਖ਼ਿਲਾਫ਼ ਪਹਿਲਾ ਵਨ-ਡੇ ਲਈ ਉਤਰਨਾ ਸੀ। ਮੈਚ ਢਾਈ ਵਜੇ ਸ਼ੁਰੂ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਬੋਰਡ ਨੇ ਉਕਤ ਹੁਕਮ ਜਾਰੀ ਕਰਕੇ ਦੌਰਾ ਰੱਦ ਕਰ ਦਿੱਤਾ। ਬੋਰਡ ਨੇ ਦੌਰਾ ਰੱਦ ਕਰਨ ਦੀ ਵਜ੍ਹਾ ਪਾਕਿਸਤਾਨ ਤੋਂ ਮਿਲ ਰਹੀਆਂ ਧਮਕੀਆਂ ਨੂੰ ਦੱਸਿਆ ਹੈ। ਬੋਰਡ ਨੇ ਪ੍ਰੈੱਸ ਰਿਲੀਜ਼ 'ਚ ਲਿਖਿਆ ਹੈ ਕਿ ਸਾਡੇ ਸਟਾਫ਼ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਇਸ ਦੀ ਪੁਸ਼ਟੀ ਗ੍ਰਾਊਂਡ 'ਤੇ ਮੌਜੂਦ ਨਿਊਜ਼ੀਲੈਂਡ ਦੇ ਸਕਿਓਰਿਟੀ ਐਡਵਾਈਜ਼ਰ ਵੀ ਕਰ ਰਹੇ ਹਨ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। 
ਇਹ ਵੀ ਪੜ੍ਹੋ : IPL 2021: ਦਿੱਲੀ ਕੈਪੀਟਲਸ ਦੇ ਕਪਤਾਨ ਬਣੇ ਰਹਿਣਗੇ ਰਿਸ਼ਭ ਪੰਤ

ਨਿਊਜ਼ੀਲੈਂਡ ਚੀਫ਼ ਐਗਜ਼ੀਕਿਊਟਿਵ ਡੇਵਿਡ ਵ੍ਹਾਈਟ ਦਾ ਕਹਿਣਾ ਹੈ ਕਿ ਸਾਫ਼ ਤੌਰ 'ਤੇ ਪਾਕਿਸਤਾਨ ਦਾ ਦੌਰਾ ਅੱਗੇ ਨਹੀਂ ਵਧਾਇਆ ਜਾ ਸਕਦਾ। ਸਾਨੂੰ ਪਤਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਲਈ ਇਹ ਘਾਟੇ ਦਾ ਸੌਦਾ ਹੈ ਕਿਉਂਕਿ ਉਹ ਸ਼ਾਨਦਾਰ ਮੇਜ਼ਬਾਨ ਰਿਹਾ ਹੈ। ਪਰ ਸਾਨੂੰ ਆਪਣੇ ਖਿਡਾਰੀਆਂ ਦੀ ਸੁਰੱਖਿਆ ਕਰਨੀ ਹੋਵੇਗੀ। ਸਾਨੂੰ ਲਗਦਾ ਹੈ ਕਿ ਸਾਡੇ ਕੋਲ ਇਹ ਇਕਮਾਤਰ ਰਸਤਾ ਹੈ। ਬਲੈਕਕੈਪਸ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ।

ਨਿਊਜ਼ੀਲੈਡ ਕ੍ਰਿਕਟ ਪਲੇਅਰਸ ਐਸੋਸੀਏਸ਼ਨ ਦੇ ਚੀਫ਼ ਐਗਜ਼ੀਕਿਊਟਿਵ ਹੀਥ ਮਿਲਸ ਨੇ ਵੀ ਉਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ। ਹੁਣ ਅਸੀਂ ਅੱਗੇ ਦੇ ਕਦਮ ਉਠਾ ਰਹੇ ਹਾਂ। ਸਾਡੀ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਦੌਰੇ 'ਤੇ ਤਿੰਨ ਵਨ-ਡੇ ਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡਣ ਆਈ ਸੀ। ਦੋਵੇਂ ਟੀਮਾਂ ਦੇ ਲਈ ਆਗਾਮੀ ਟੀ-20 ਵਰਲਡ ਕੱਪ ਦੇ ਮੱਦੇਨਜ਼ਰ ਇਹ ਦੌਰਾ ਬਹੁਤ ਮਹੱਤਵਪੂਰਨ ਸੀ। ਪੰਜ ਟੀ-20 25 ਸਤੰਬਰ ਤੋਂ 3 ਅਕਤੂਬਰ ਤਕ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਹੋਣੇ ਸਨ।

ਇਹ ਵੀ ਪੜ੍ਹੋ : ਕੋਹਲੀ ਦੀ ਕਪਤਾਨੀ ਛੱਡਣ ਦੀ ਅਸਲ ਵਜ੍ਹਾ ਸਿਰਫ਼ ਜ਼ਿਆਦਾ ਵਰਕਲੋਡ, ਜਾਣੋ ਇਸ ਬਾਰੇ ਵਿਸਥਾਰ ਨਾਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News