ਵਰਲਡ ਕੱਪ ''ਚ ਜਿੱਤ ਦਾ ਅਰਧ ਸੈਂਕੜਾ ਬਣਾ ਸਕਦੇ ਹਨ ਨਿਊਜ਼ੀਲੈਂਡ ਤੇ ਭਾਰਤ
Monday, May 27, 2019 - 06:25 PM (IST)

ਲੰਡਨ—ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀਆਂ ਸਾਰੀਆਂ 10 ਟੀਮਾਂ ਦੀਆਂ ਨਜ਼ਰਾਂ ਖਿਤਾਬ 'ਤੇ ਟਿਕੀਆਂ ਰਹਿਣਗੀਆਂ ਪਰ ਇਸ ਵਿਸ਼ਵ ਕੱਪ ਵਿਚ ਕੁਝ ਟੀਮਾਂ ਅਜਿਹੀਆਂ ਹਨ, ਜਿਨ੍ਹਾਂ ਕੋਲ ਟੂਰਨਾਮੈਂਟ ਦੇ ਇਤਿਹਾਸ ਵਿਚ ਜਿੱਤ ਦਾ ਅਰਧ ਸੈਂਕੜਾ ਬਣਾਉਣ ਦਾ ਮੌਕਾ ਰਹੇਗਾ। ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਨੇ ਵਿਸ਼ਵ ਕੱਪ ਵਿਚ ਹੁਣ ਤਕ 72 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ਼ ਨੇ 41 ਮੈਚ ਜਿੱਤੇ ਹਨ ਤੇ 29 ਹਾਰੇ ਹਨ। ਮੇਜ਼ਬਾਨ ਟੀਮ ਜੇਕਰ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਵਿਚ ਕਾਮਯਾਬ ਹੁੰਦੀ ਹੈ ਤਾਂ ਉਹ ਟੂਰਨਾਮੈਂਟ ਦੇ ਇਤਿਹਾਸ ਵਿਚ ਜਿੱਤ ਦਾ ਅਰਧ ਸੈਂਕੜਾ ਪੂਰਾ ਕਰ ਸਕਦੀ ਹੈ, ਜਿਸਦੇ ਲਈ ਉਸ ਨੂੰ 9 ਜਿੱਤਾਂ ਹਾਸਲ ਕਰਨ ਦੀ ਲੋੜ ਹੈ।
ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਭਾਰਤ ਨੇ ਵਿਸ਼ਵ ਕੱਪ ਵਿਚ 75 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ 46 ਮੈਚ ਜਿੱਤੇ ਹਨ ਤੇ 27 ਹਾਰੇ ਹਨ। ਭਾਰਤ ਨੂੰ ਵਿਸ਼ਵ ਕੱਪ ਵਿਚ ਜਿੱਤ ਦਾ ਅਰਧ ਸੈਂਕੜਾ ਪੂਰਾ ਕਰਨ ਲਈ ਚਾਰ ਜਿੱਤਾਂ ਹਾਸਲ ਕਰਨ ਦੀ ਲੋੜ ਹੈ। ਨਿਊਜ਼ੀਲੈਂਡ ਨੇ ਵਿਸ਼ਵ ਕੱਪ ਵਿਚ 79 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ 48 ਜਿੱਤੇ ਹਨ ਤੇ 30 ਹਾਰੇ ਹਨ। ਉਸ ਨੂੰ ਜਿੱਤ ਦਾ ਅਰਧ ਸੈਂਕੜਾ ਪੂਰਾ ਕਰਨ ਲਈ ਸਿਰਫ ਦੋ ਜਿੱਤਾਂ ਦੀ ਲੋੜ ਹੈ। ਪਾਕਿਸਤਾਨ ਨੇ ਵਿਸ਼ਵ ਕੱਪ ਵਿਚ 71 ਮੈਚ ਖੇਡ ਕੇ 40 ਮੈਚ ਜਿੱਤੇ ਹਨ। ਵੈਸਟਇਾਂਡੀਜ਼ ਨੇ 71 ਮੈਚਾਂ ਵਿਚੋਂ 41 ਜਿੱਤੇ ਹਨ। 5 ਵਾਰ ਦੀ ਚੈਂਪੀਅਨ ਆਸਟਰੇਲੀਆ ਵਿਸ਼ਵ ਕੱਪ ਵਿਚ ਜਿੱਤ ਦਾ ਅਰਧ ਸੈਂਕੜਾ ਪੂਰਾ ਕਰਨ ਵਾਲੀ ਇਕਲੌਤੀ ਟੀਮ ਹੈ। ਆਸਟਰੇਲੀਆ ਨੇ ਵਿਸ਼ਵ ਕੱਪ ਵਿਚ ਸਭ ਤੋਂ ਵੱਧ 84 ਮੈਚ ਖੇਡ ਕੇ 62 ਮੈਚ ਜਿੱਤੇ ਹਨ ਤੇ ਸਰਫ 20 ਹੀ ਹਾਰੇ ਹਨ।