ਨੇਪਾਲ ਤੇ ਨੀਦਰਲੈਂਡ ਟੀ-20 ਵਿਸ਼ਵ ਕੱਪ ''ਚ ਕਰ ਸਕਦੇ ਹਨ ਉਲਟਫੇਰ : ਗਿਲਕ੍ਰਿਸਟ

Saturday, Jun 01, 2024 - 12:43 PM (IST)

ਨੇਪਾਲ ਤੇ ਨੀਦਰਲੈਂਡ ਟੀ-20 ਵਿਸ਼ਵ ਕੱਪ ''ਚ ਕਰ ਸਕਦੇ ਹਨ ਉਲਟਫੇਰ : ਗਿਲਕ੍ਰਿਸਟ

ਬਾਰਬਾਡੋਸ- ਆਸਟ੍ਰੇਲੀਆ ਦੇ ਦਿੱਗਜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਨੇਪਾਲ ਅਤੇ ਨੀਦਰਲੈਂਡ ਟੀ-20 ਵਿਸ਼ਵ ਕੱਪ ਵਿਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਖਿਲਾਫ ਹੈਰਾਨੀਜਨਕ ਨਤੀਜੇ ਦੇ ਸਕਦੇ ਹਨ। ਨੇਪਾਲ ਅਤੇ ਨੀਦਰਲੈਂਡ ਨੂੰ ਬੰਗਲਾਦੇਸ਼, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਗਿਲਕ੍ਰਿਸਟ ਦਾ ਮੰਨਣਾ ਹੈ ਕਿ ਨੇਪਾਲ ਦੀ ਟੀਮ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਕਾਰਨ ਕਾਫੀ ਮਜ਼ਬੂਤ ​​ਹੋ ਗਈ ਹੈ।
ਗਿਲਕ੍ਰਿਸਟ ਨੇ ਸ਼ਨੀਵਾਰ ਨੂੰ ਐੱਸ.ਈ.ਐੱਨ. ਰੇਡੀਓ ਨੂੰ ਕਿਹਾ, “ਮੇਰਾ ਮੰਨਣਾ ਹੈ ਕਿ ਨੇਪਾਲ ਇੱਕ ਅਜਿਹੀ ਟੀਮ ਹੈ ਜੋ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਉਨ੍ਹਾਂ ਕੋਲ ਕੁਝ ਅਜਿਹੇ ਖਿਡਾਰੀ ਹਨ ਜੋ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵੱਡੀਆਂ ਲੀਗਾਂ 'ਚ ਖੇਡ ਰਹੇ ਹਨ।  ਹਾਲਾਂਕਿ ਵਿਸ਼ਵ ਕੱਪ ਤੋਂ ਪਹਿਲਾਂ ਨੇਪਾਲ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਨ੍ਹਾਂ ਦੇ ਲੈੱਗ ਸਪਿਨਰ ਸੰਦੀਪ ਲਾਮੀਛਾਣੇ ਅਮਰੀਕਾ ਦਾ ਵੀਜ਼ਾ ਨਾ ਮਿਲਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਨੀਦਰਲੈਂਡ ਦੀ ਟੀਮ ਨੇ 2022 'ਚ ਆਸਟ੍ਰੇਲੀਆ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਹੰਗਾਮਾ ਕੀਤਾ ਸੀ ਅਤੇ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਇਸ ਟੀਮ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ, “ਨੀਦਰਲੈਂਡ ਦੀ ਟੀਮ ਹਮੇਸ਼ਾ ਚੁਣੌਤੀ ਪੇਸ਼ ਕਰਦੀ ਹੈ ਅਤੇ ਉਹ ਫਿਰ ਤੋਂ ਦੱਖਣੀ ਅਫਰੀਕਾ ਵਾਂਗ ਹੀ ਗਰੁੱਪ ਵਿੱਚ ਹੈ। ਪਿਛਲੇ ਵਿਸ਼ਵ ਕੱਪ 'ਚ ਇਸ ਨੇ ਐਡੀਲੇਡ 'ਚ ਖੇਡੇ ਗਏ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ ਅਤੇ ਇਸ ਵਾਰ ਵੀ ਉਹ ਉਲਟਫੇਰ ਦਾ ਕਾਰਨ ਬਣ ਸਕਦੀ ਹੈ।

 


author

Aarti dhillon

Content Editor

Related News