Tokyo Olympics: ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਿਆ ਪਹਿਲਾ ਸੋਨ ਤਮਗਾ
Saturday, Aug 07, 2021 - 06:34 PM (IST)
ਟੋਕੀਓ: ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਇੱਥੇ ਟੋਕੀਓ ਓਲੰਪਿਕਸ ਵਿੱਚ ਜੈਵਲਿਨ ਥ੍ਰੋ ਵਿੱਚ ਸੋਨ ਤਗਮਾ ਜਿੱਤ ਕੇ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਰਚਿਆ। ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 87.58 ਮੀਟਰ ਸੁੱਟਿਆ, ਜੋ ਸੋਨ ਤਮਗਾ ਜਿੱਤਣ ਲਈ ਕਾਫੀ ਸੀ। ਐਥਲੈਟਿਕਸ ਵਿਚ ਪਿਛਲੇ 100 ਸਾਲ ਤੋਂ ਵੱਧ ਸਮੇਂ ਵਿਚ ਭਾਰਤ ਦਾ ਇਹ ਪਹਿਲਾ ਓਲੰਪਿਕ ਤਮਗਾ ਹੈ। ਨੀਰਜ ਭਾਰਤ ਵੱਲੋਂ ਨਿੱਜੀ ਗੋਲਡ ਮੈਡਲ ਜਿੱਤਣ ਵਾਲੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕ ਵਿਚ 2008 ਦੌਰਾਨ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿਚ ਸੋਨ ਤਮਗਾ ਜਿੱਤਿਆ ਸੀ। ਚੈੱਕ ਗਣਰਾਜ ਦੇ ਯਾਕੂਬ ਵਾਲਲੇਚ ਨੇ 86.67 ਮੀਟਰ ਜੈਵਲਿਨ ਥ੍ਰੋਅ ਕਰਕੇ ਚਾਂਦੀ ਦਾ ਤਮਗਾ ਹਾਸਲ ਕੀਤਾ। ਉਨ੍ਹਾਂ ਦੇ ਦੇਸ਼ ਦੇ ਹੀ ਵਿਤੇਜਸਲਾਵ ਬੇਸਲੀ ਨੇ 85.44 ਮੀਟਰ ਦੀ ਦੂਰੀ ਤੱਕ ਜੈਵਲਿਨ ਥ੍ਰੋਅ ਕਰਕੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਪਹਿਲੇ ਰਾਊਂਡ ਵਿਚ ਨੀਰਜ ਚੋਪੜਾ ਨੇ 87.03, ਦੂਜੇ ਰਾਊਂਡ ਵਿਚ 87.58, ਤੀਜੇ ਰਾਊਂਡ ਵਿਚ 76.79, ਚੌਥਾ ਅਤੇ ਪੰਜਵਾਂ ਥ੍ਰੋਅ ਫਾਊਲ ਰਿਹਾ ਅਤੇ 6ਵੇਂ ਵਿਚ 84.24 ਜੈਵਲਿਨ ਥ੍ਰੋਅ ਕੀਤਾ ਪਰ ਉਨ੍ਹਾਂ ਦਾ ਸਰਵਸ੍ਰੇਸ਼ਠ 87.58 ਮੀਟਰ ਰਿਹਾ। ਨੀਰਜ ਨੇ ਸੋਨ ਤਮਗਾ ਜਿੱਤਣ ਤੋਂ ਬਾਅਦ ਤਿਰੰਗਾ ਲੈ ਕੇ ਮੈਦਾਨ ਦਾ ਚੱਕਰ ਲਗਾਇਆ ਅਤੇ ਜਿੱਤ ਦਾ ਜਸ਼ਨ ਮਨਾਇਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ 2020 ਵਿਚ ਭਾਰਤ ਆਪਣੇ ਨਾਮ 6 ਤਮਗੇ ਕਰ ਚੁੱਕਾ ਹੈ, ਜਿਸ ਵਿਚ 2 ਚਾਂਦੀ ਅਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਉਥੇ ਹੀ ਪਿਛਲੇ 12 ਸਾਲਾਂ ਤੋਂ ਕਿਸੇ ਖਿਡਾਰੀ ਨੇ ਸੋਨ ਤਮਗਾ ਨਹੀਂ ਜਿੱਤਿਆ ਹੈ। ਇਸ ਤੋਂ ਪਹਿਲਾਂ 2008 ਵਿਚ ਸ਼ੂਟਿੰਗ ਵਿਚ ਅਭਿਨਵ ਬਿੰਦਰਾ ਨੇ ਸੋਨ ਤਮਗਾ ਜਿੱਤਿਆ ਸੀ।