ਏ. ਐੱਫ. ਆਈ. ਐਥਲੀਟ ਕਮਿਸ਼ਨ ’ਚ 6 ਮਹਿਲਾਵਾਂ ਸ਼ਾਮਲ, 3 ਪੁਰਸ਼ ਮੈਂਬਰਾਂ ’ਚ ਨੀਰਜ ਦਾ ਵੀ ਨਾਂ
Thursday, Jan 09, 2025 - 04:41 PM (IST)
ਚੰਡੀਗੜ੍ਹ– ਲੌਂਗ ਜੰਪ ਦੀ ਮਹਾਨ ਖਿਡਾਰਨ ਅੰਜੂ ਬੌਬੀ ਜਾਰਜ ਨੂੰ ਬੁੱਧਵਾਰ ਨੂੰ ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਦੇ 9 ਮੈਂਬਰੀ ਐਥਲੀਟ ਕਮਿਸ਼ਨ ਦਾ ਮੁਖੀ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚ ਜੈਵਲਿਨ ਥ੍ਰੋਅ ਸਟਾਰ ਨੀਰਜ ਚੋਪੜਾ ਸਭ ਤੋਂ ਪ੍ਰਮੁੱਖ ਪੁਰਸ਼ ਮੈਂਬਰ ਹੈ। ਨਵੇਂ ਕਮਿਸ਼ਨ ਵਿਚ ਸ਼ਾਮਲ ਸਾਰੀਆਂ 6 ਮਹਿਲਾਵਾਂ ਸਾਬਕਾ ਖਿਡਾਰਨਾਂ ਹਨ। ਇਨ੍ਹਾਂ ਵਿਚ ਦੌੜਾਕ ਜਯੋਤਿਰਮੋਏ ਸਿਕਦਾਰ, ਡਿਸਕਸ ਥ੍ਰੋਅਰ ਕ੍ਰਿਸ਼ਨਾ ਪੂਨੀਆ, ਅੜਿੱਕਾ ਦੌੜ ਦੀ ਦੌੜਾਕ ਐੱਮ.ਡੀ. ਵਲਸਾਮਾ, ਸਟੀਪਲਚੇਜ਼ ਦੌੜਾਕ ਸੁਧਾ ਸਿੰਘ ਅਤੇ ਦੌੜਾਕ ਸੁਨੀਤਾ ਰਾਣੀ ਸ਼ਾਮਲ ਹਨ।
2003 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਅੰਜੂ ਏ.ਐੱਫ. ਆਈ. ਵਿਚ ਸੀਨੀਅਰ ਉਪ ਮੁਖੀ ਵੀ ਹੈ। ਇਨ੍ਹਾਂ ਤਜਰਬੇਕਾਰੀ ਨਾਵਾਂ ਦਾ ਇਸ ਕਮੇਟੀ ਵਿਚ ਸ਼ਾਮਲ ਹੋਣਾ ਏ. ਐੱਫ. ਆਈ. ਵਿਚ ਲਿੰਗਿਕ ਸਮਾਨਤਾ ਨੂੰ ਤੈਅ ਕਰਨ ਦੀ ਦਿਸ਼ਾ ਵਿਚ ਇਕ ਕਦਮ ਮੰਨਿਆ ਜਾ ਰਿਹਾ ਹੈ। ਪਿਛਲੇ ਕਮਿਸ਼ਨ ਵਿਚ 4 ਮਹਿਲਾਵਾਂ ਸ਼ਾਮਲ ਸਨ।
ਪਿਛਲੇ ਸਾਲ ਅਕਤੂਬਰ ਵਿਚ ਹੋਈਆਂ ਚੋਣਾਂ ਤੋਂ ਬਾਅਦ ਬੁੱਧਵਾਰ ਨੂੰ ਕਮਿਸ਼ਨ ਦਾ ਐਲਾਨ ਕੀਤਾ ਗਿਆ। 2 ਵਾਰ ਦਾ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਏ. ਐੱਫ. ਆਈ. ਦੀ ਕਾਰਜਕਾਰੀ ਪ੍ਰੀਸ਼ਦ ਵੱਲੋਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਨਾਮਜ਼ਦ ਚਾਰ ਮੈਂਬਰਾਂ ਵਿਚੋਂ ਇਕ ਹੈ। ਕਮਿਸ਼ਨ ਦੇ ਹੋਰ ਦੋ ਪੁਰਸ਼ ਮੈਂਬਰ 3000 ਮੀਟਰ ਸਟੀਪਲਚੇਜ਼ ਦੌੜਾਕ ਅਵਿਨਾਸ਼ ਸਾਬਲੇ ਤੇ ਨਵੇਂ ਚੁਣੇ ਗਏ ਏ. ਐੱਫ. ਆਈ. ਮੁਖੀ ਬਹਾਦੁਰ ਸਿੰਘ ਸਾਗੂ ਹਨ। ਸਾਗੂ 2002 ਏਸ਼ੀਆਈ ਖੇਡਾਂ ਵਿਚ ਸ਼ਾਟਪੁੱਟ ਸੋਨ ਤਮਗਾ ਜੇਤੂ ਹਨ। ਸਾਗੂ ਪਿਛਲੇ ਕਮਿਸ਼ਨ ਦੇ ਮੁਖੀ ਸਨ।