ਅਫਗਾਨਿਸਤਾਨ ਨੇ ਨੀਦਰਲੈਂਡ ਨੂੰ ਇਕਤਰਫਾ ਮੁਕਾਬਲੇ 'ਚ 7 ਵਿਕਟਾਂ ਨਾਲ ਹਰਾਇਆ

Friday, Nov 03, 2023 - 08:16 PM (IST)

ਅਫਗਾਨਿਸਤਾਨ ਨੇ ਨੀਦਰਲੈਂਡ ਨੂੰ ਇਕਤਰਫਾ ਮੁਕਾਬਲੇ 'ਚ 7 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਅੱਜ ਅਫਗਾਨਿਸਤਾਨ ਅਤੇ ਨੀਦਰਲੈਂਡ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਮੁਕਾਬਲੇ 'ਚ ਅਫਗਾਨਿਸਤਾਨ ਨੇ 7 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ ਹੈ। ਨੀਦਰਲੈਂਡ ਦੀ ਟੀਮ ਵੱਲੋਂ ਦਿੱਤੇ ਗਏ 180 ਦੌੜਾਂ ਦੇ ਟੀਚਾ ਅਫ਼ਗਾਨਿਸਤਾਨ ਟੀਮ ਨੇ ਸਿਰਫ਼ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਦੱਸ ਦੇਈਏ ਕਿ ਵਿਸ਼ਵ ਕੱਪ 2023 ਦਾ 34ਵਾਂ ਮੈਚ ਅੱਜ ਨੀਦਰਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਲਖਨਊ ਦੇ ਇਕਾਨਾ ਸਟੇਡੀਅਮ ਵਿਖੇ ਖੇਡਿਆ ਗਿਆ। ਨੀਦਰਲੈਂਡ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 46.2 ਓਵਰਾਂ 'ਚ 179 ਦੌੜਾਂ ਬਣਾਈਆਂ। ਨੀਦਰਲੈਂਡ ਦੇ ਸਾਈਬਰੈਂਡ ਐਂਗਲਬਰੈਟ ਨੇ 58 ਤੇ ਓ ਦਾਉਦ ਨੇ 42 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਕੁਝ ਜ਼ਿਆਦਾ ਨਹੀਂ ਕਰ ਸਕਿਆ।

ਅਫਗਾਨਿਸਤਾਨ ਵੱਲੋਂ ਮੁਹੰਮਦ ਨਬੀ ਨੇ 9.3 ਓਵਰਾਂ 'ਚ ਸਭ ਤੋਂ ਵੱਧ 3 ਵਿਕਟਾਂ ਲਈਆਂ ਤੇ ਨੂਰ ਅਹਿਮਦ ਨੇ 9 ਓਵਰਾਂ 'ਚ 31 ਦੌੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਆਉਟ ਕੀਤਾ। ਨੀਦਰਲੈਂਡ ਦੇ 4 ਬੱਲੇਬਾਜ਼ ਰਨ ਆਉਟ ਹੋਏ। ਇਸ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ ਦੇ ਓਪਨਰ ਰਹਿਮਾਨੁੱਲਾ ਗੁਰਬਾਜ਼ 10 ਦੌੜਾਂ ਬਣਾ ਕੇ ਲੋਗਨ ਵਾਨ ਵਿਕ ਦੀ ਗੇਂਦ 'ਤੇ ਵਿਕਟ ਪਿੱਛੇ ਕੈਚ ਆਉਟ ਹੋ ਗਿਆ। ਇਸ ਤੋੋਂ ਬਾਅਦ ਇਬਰਾਹਿਮ ਜ਼ਾਦਰਾਨ ਵੀ 20 ਦੌੜਾਂ ਬਣਾ ਕੇ ਵੈਨ ਡਰ ਮਰਵੀ ਦਾ ਸ਼ਿਕਾਰ ਬਣਿਆ। ਰਹਿਮਤ ਸ਼ਾਹ ਅਤੇ ਹਸ਼ਮਤੁੱਲਾ ਸ਼ਹੀਦੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਅਫਗਾਨਿਸਤਾਨ ਨੇ ਨੀਦਰਲੈਂਡ ਨੂੰ 7 ਵਿਕਟਾਂ ਨਾਲ ਇਕਤਰਫਾ ਅੰਦਾਜ਼ 'ਚ ਹਰਾ ਦਿੱਤਾ ਤੇ ਆਪਣੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਹਾਲਾਂਕਿ ਉਨ੍ਹਾਂ ਲਈ ਸੈਮੀਫਾਈਨਲ ਦਾ ਰਾਹ ਇੰਨਾ ਆਸਾਨ ਨਹੀਂ ਹੈ। ਆਪਣੇ ਸਾਰੇ ਮੈਚ ਜਿੱਤਣ ਦੇ ਨਾਲ-ਨਾਲ ਬਾਕੀ ਟੀਮਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਵੇਗਾ। 


author

Anuradha

Content Editor

Related News