ਭਾਰਤੀ ਧੀਆਂ ਨੇ ਕਰਵਾਈ ਦੇਸ਼ ਦੀ ਬੱਲੇ-ਬੱਲੇ

04/10/2018 11:16:19 AM

ਗੋਲਡ ਕੋਸਟ (ਸੁਰਿੰਦਰਪਾਲ ਸਿੰਘ ਖੁਰਦ, ਯੂ. ਐੱਨ. ਆਈ., ਭਾਸ਼ਾ) : ਭਾਰਤੀ ਮਹਿਲਾ ਖਿਡਾਰੀਆਂ  ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ, ਵੇਟ ਲਿਫਟਰ ਪੂਨਮ ਯਾਦਵ ਤੇ ਮਹਿਲਾ ਟੇਬਲ ਟੈਨਿਸ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਚੌਥੇ ਦਿਨ ਐਤਵਾਰ ਨੂੰ ਭਾਰਤ ਦੀ ਝੋਲੀ ਵਿਚ 3 ਸੋਨ ਤਮਗੇ ਪਾ ਦਿੱਤੇ। ਭਾਰਤ ਨੇ ਇਸਦੇ ਇਲਾਵਾ 1 ਚਾਂਦੀ ਤੇ 2 ਕਾਂਸੀ ਤਮਗੇ ਵੀ ਜਿੱਤੇ। ਭਾਰਤ ਹੁਣ ਅੰਕ ਸੂਚੀ ਵਿਚ 7 ਸੋਨ, 2 ਚਾਂਦੀ ਤੇ 3 ਕਾਂਸੀ ਸਮੇਤ 12 ਤਮਗੇ ਜਿੱਤ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ।
ਭਾਰਤੀ ਨਿਸ਼ਾਨੇਬਾਜ਼ੀ ਦੀ ਨਵੀਂ ਸਨਸਨੀ 16 ਸਾਲ ਦੀ ਮਨੂ ਭਾਕਰ ਨੇ ਚਮਤਕਾਰੀ ਪ੍ਰਦਰਸ਼ਨ ਕਰਦਿਆਂ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਲਿਆ ਜਦਕਿ ਤਜਰਬੇਕਾਰ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਇਸ ਪ੍ਰਤੀਯੋਗਿਤਾ ਵਿਚ ਚਾਂਦੀ ਤੇ ਰਵੀ ਕੁਮਾਰ ਨੇ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ। ਸਾਨੀਆ ਸ਼ੇਖ ਮਹਿਲਾ ਸਕੀਟ ਪ੍ਰਤੀਯੋਗਿਤਾ ਵਿਚ ਚੌਥੇ ਸਥਾਨ 'ਤੇ ਰਹੀ। 

PunjabKesari
ਭਾਰਤ ਦੀ ਪੂਨਮ ਯਾਦਵ ਨੇ ਵੇਟ ਲਿਫਟਰਾਂ ਦੀ ਸੁਨਹਿਰੀ ਮੁਹਿੰਮ ਨੂੰ ਜਾਰੀ ਰੱਖਿਆ ਤੇ ਮਹਿਲਾਵਾਂ ਦੇ 69 ਕਿ. ਗ੍ਰਾ. ਭਾਰ ਵਰਗ ਵਿਚ ਦੇਸ਼ ਨੂੰ ਸੋਨ ਤਮਗਾ ਦਿਵਾ ਦਿੱਤਾ, ਜਦਕਿ ਵਿਕਾਸ ਠਾਕੁਰ ਨੇ ਪੁਰਸ਼ਾਂ ਦੇ 94 ਕਿ. ਗ੍ਰਾ.  ਭਾਰ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਪਰ ਸੀਮਾ 75 ਕਿ. ਗ੍ਰਾ. ਵਿਚ ਛੇਵੇਂ ਸਥਾਨ 'ਤੇ ਰਹਿ ਗਈ। 

PunjabKesari
ਮਣਿਕਾ ਬੱਤਰਾ ਨੇ ਜ਼ਬਰਦਸਤ ਖੇਡ ਨਾਲ ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਲਈ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਮਜ਼ਬੂਤ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ। ਭਾਰਤੀ ਟੀਮ ਨੇ ਇਕ ਹੀ ਦਿਨ ਵਿਚ ਆਪਣੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਜਿੱਤ ਕੇ ਪਹਿਲੀ ਵਾਰ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤ ਲਿਆ। ਭਾਰਤ ਨੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ 3-0 ਨਾਲ ਤੇ ਫਾਈਨਲ ਵਿਚ ਸਿੰਗਾਪੁਰ ਨੂੰ 3-1 ਨਾਲ ਹਰਾਇਆ ਸੀ।


Related News