ਨਟਰਾਜਨ ਦੇ ਕੋਵਿਡ-19 ਪਾਜ਼ੇਟਿਵ ਆਉਣ ਦਾ ਖੇਡ ''ਤੇ ਅਸਰ ਨਹੀਂ ਪਿਆ : ਟ੍ਰੇਵਰ ਬੇਲਿਸ

09/23/2021 1:35:37 PM

ਦੁਬਈ (ਭਾਸ਼ਾ): ਸਨਰਾਈਜ਼ਰਸ ਹੈਦਰਾਬਾਦ ਦੇ ਮੁੱਖ ਕੋਚ ਟ੍ਰੇਵਰ ਬੇਲਿਸ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਟੀ ਨਟਰਾਜਨ ਦਾ ਕੋਵਿਡ-19 ਟੈਸਟ ਪਾਜ਼ੇਟਿਵ ਹੋਣ ਨਾਲ ਦਿੱਲੀ ਕੈਪੀਟਲਸ ਖ਼ਿਲਾਫ਼ ਟੀਮ ਦੇ ਪ੍ਰਦਰਸ਼ਨ 'ਤੇ ਕੋਈ ਅਸਰ ਨਹੀਂ ਪਿਆ, ਕਿਉਂਕਿ ਖਿਡਾਰੀ ਅਜਿਹੀਆਂ ਸਥਿਤੀਆਂ ਦੇ ਆਦੀ ਹਨ। ਸਨਰਾਈਜ਼ਰਸ ਦੀ ਟੀਮ ਦੇ  ਬਾਕੀ ਖਿਡਾਰੀਆਂ ਦਾ ਟੈਸਟ ਨੈਗੇਟਿਵ ਆਉਣ ਮਗਰੋਂ ਇਹ ਮੈਚ ਖੇਡਿਆ ਗਿਆ, ਜਿਸ ਵਿਚ ਦਿੱਲੀ ਕੈਪੀਟਲਸ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ।

ਬੇਲਿਸ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, 'ਮੈਨੂੰ ਨਹੀਂ ਲਗਦਾ ਕਿ ਇਸ ਨਾਲ ਮੈਚ ਦੇ ਨਤੀਜਿਆਂ 'ਤੇ ਅਸਰ ਪਵੇਗਾ। ਉਨ੍ਹਾਂ (ਦਿੱਲੀ) ਨੇ ਸਾਡੇ ਨਾਲੋਂ ਬਹੁਤ ਵਧੀਆ ਖੇਡਿਆ।' ਉਨ੍ਹਾਂ ਕਿਹਾ, 'ਨਟਰਾਜਨ ਨੂੰ ਮੈਚ 'ਚ ਖੇਡਣਾ ਚਾਹੀਦਾ ਸੀ ਪਰ ਇਹ ਸਾਰੇ ਪੇਸ਼ੇਵਰ ਖਿਡਾਰੀ ਹਨ। ਕਿਸੇ ਵੀ ਮੈਚ ਤੋਂ ਪਹਿਲਾਂ ਕੋਈ ਖਿਡਾਰੀ ਜ਼ਖ਼ਮੀ ਹੋਣ ਕਾਰਨ ਬਾਹਰ ਹੋ ਸਕਦਾ ਹੈ ਅਤੇ ਉਸ ਦੀ ਜਗ੍ਹਾ ਇਕ ਨਵੇਂ ਖਿਡਾਰੀ ਨੂੰ ਲਿਆਉਣਾ ਹੁੰਦਾ ਹੈ। ਇਸ ਲਈ ਸਾਰੇ ਖਿਡਾਰੀ ਅਜਿਹੀਆਂ ਸਥਿਤੀਆਂ ਦੇ ਆਦੀ ਹਨ। ਮੈਨੂੰ ਉਮੀਦ ਹੈ ਕਿ ਨੱਟੂ (ਨਟਰਾਜਨ) ਜਲਦੀ ਠੀਕ ਹੋ ਜਾਏਗਾ।'

ਬੇਲਿਸ ਨੇ ਕਿਹਾ ਕਿ ਦਿੱਲੀ ਕੈਪੀਟਲਸ ਦੇ ਗੇਂਦਬਾਜ਼ਾਂ ਨੇ ਪਿੱਚ ਦਾ ਚੰਗਾ ਇਸਤੇਮਾਲ ਕੀਤਾ ਅਤੇ ਉਨ੍ਹਾਂ ਦੀ ਟੀਮ ਦੀ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ (37 ਦੌੜਾਂ ਦੇ ਕੇ 3) ਅਤੇ ਐਨਰਿਚ ਨੋਰਜੇ (12 ਦੌੜਾਂ ਦੇ ਕੇ 2 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਿਸ ਨਾਲ ਦਿੱਲੀ ਨੇ ਸਨਰਾਈਜ਼ਰਸ ਨੂੰ 9 ਵਿਕਟਾਂ 'ਤੇ 134 ਦੌੜਾਂ ਹੀ ਬਣਾਉਣ ਦਿੱਤੀਆਂ। ਦਿੱਲੀ ਨੇ 17.5 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ। ਬੇਲਿਸ ਨੇ ਕਿਹਾ, 'ਦਿੱਲੀ ਨੂੰ ਕ੍ਰੈਡਿਟ ਦਿਓ। ਉਸ ਨੇ ਸੱਚਮੁੱਚ ਵਧੀਆ ਗੇਂਦਬਾਜ਼ੀ ਕੀਤੀ। ਉਨ੍ਹਾਂ ਕੋਲ ਵਿਸ਼ਵ ਪੱਧਰੀ ਗੇਂਦਬਾਜ਼ ਹਨ ਅਤੇ ਅੱਜ ਉਨ੍ਹਾਂ ਦਾ ਦਿਨ ਸੀ। ਉਨ੍ਹਾਂ ਦੇ ਗੇਂਦਬਾਜ਼ਾਂ ਨੇ ਵਿਕਟ ਦੀ ਚੰਗੀ ਵਰਤੋਂ ਕੀਤੀ।'


cherry

Content Editor

Related News