ਨਾਗਲ ਨੇ ਕਲਾਨ ਨੂੰ ਹਰਾਇਆ, ਬੀਤੇ 7 ਸਾਲਾਂ ’ਚ ਗ੍ਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
Wednesday, Sep 02, 2020 - 09:55 PM (IST)
ਨਿਊਯਾਰਕ– ਸੁਮਿਤ ਨਾਗਲ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਅਮਰੀਕਾ ਦੇ ਬ੍ਰੈਡਲੀ ਕਲਾਨ ਨੂੰ ਹਰਾ ਕੇ ਪਿਛਲੇ 7 ਸਾਲਾਂ ’ਚ ਗ੍ਰੈਂਡਸਲੈਮ ਟੂਰਨਾਮੈਂਟ ’ਚ ਸਿੰਗਲਸ ਮੈਚ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਦੂਜੇ ਦੌਰ ’ਚ ਉਸ ਦਾ ਮੁਕਾਬਲਾ ਦੁਨੀਆ ਦੇ ਨੰਬਰ 3 ਖਿਡਾਰੀ ਡੋਮਿਨਿਕ ਥੀਮ ਨਾਲ ਹੋਵੇਗਾ। ਫਲੱਸ਼ਿੰਗ ਮੀਡੋਜ਼ ’ਤੇ ਪਿਛਲੇ ਸਾਲ ਰੋਜਰ ਫੈਡਰਰ ਵਿਰੁੱਧ ਇਕ ਸੈੱਟ ਜਿੱਤਣ ਵਾਲੇ ਨਾਗਲ ਨੇ ਸਥਾਨਕ ਖਿਡਾਰੀ ਕਲਾਨ ਨੂੰ 2 ਘੰਟੇ 12 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ 6-1, 6-3, 3-6, 6-1 ਨਾਲ ਹਰਾਇਆ। ਇਸ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਕਿਸੇ ਗ੍ਰੈਂਡਸਲੈਮ ਦੇ ਮੁੱਖ ਡਰਾਅ ਦੇ ਸਿੰਗਲਸ ਮੈਚ ’ਚ ਜਿੱਤ ਹਾਸਲ ਕਰਨ ਵਾਲਾ ਆਖਰੀ ਭਾਰਤੀ ਸੀ। ਉਨ੍ਹਾਂ ਨੇ 2013 ’ਚ ਯੂ. ਐੱਸ. ਓਪਨ ’ਚ ਕੁਆਲੀਫਾਇਰ ’ਚ ਸਲੋਵਾਕੀਆ ਦੇ ਲੁਕਾਸ ਲੈਕੋ ਨੂੰ ਹਰਾਇਆ ਸੀ।
ਹਾਲਾਂਕਿ ਸੋਮਦੇਵ ਤੋਂ ਬਾਅਦ ਭਾਰਤੀ ਟੈਨਿਸ ’ਚ ਯੂਕੀ ਭਾਂਬਰੀ, ਰਾਮਕੁਮਾਰ ਰਾਮਨਾਥਨ ਅਤੇ ਪ੍ਰਜਨੇਸ਼ ਗੁਣੇਸ਼ਵਰਨ ਵਰਗੇ ਖਿਡਾਰੀ ਆਏ ਪਰ ਇਨ੍ਹਾਂ ’ਚੋਂ ਕੋਈ ਵੀ ਮੁੱਖ ਡਰਾਅ ’ਚ ਜਿੱਤ ਹਾਸਲ ਨਹੀਂ ਕਰ ਸਕਿਆ।