ਨਡਾਲ ਨੇ 11ਵੀਂ ਵਾਰ ਜਿੱਤਿਆ ਫ੍ਰੈਂਚ ਓਪਨ ਦਾ ਖਿਤਾਬ

Monday, Jun 11, 2018 - 12:23 AM (IST)

ਨਡਾਲ ਨੇ 11ਵੀਂ ਵਾਰ ਜਿੱਤਿਆ ਫ੍ਰੈਂਚ ਓਪਨ ਦਾ ਖਿਤਾਬ

ਪੈਰਿਸ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦਾ ਰਾਫੇਲ ਨਡਾਲ ਨੇ ਐਤਵਾਰ ਨੂੰ ਆਸਟਰੀਆ ਦੇ ਡੋਮਿਨਿਕ ਥਿਏਮ ਵਿੱਰੁਧ ਕਿਸੇ ਆਮ ਮੈਚ ਦੀ ਤਰ੍ਹਾਂ ਫ੍ਰੈਂਚ ਓਪਨ ਦਾ ਫਾਈਨਲ ਮੁਕਾਬਲਾ ਖੇਡਿਆ ਤੇ ਲਗਾਤਾਰ ਸੈੱਟਾਂ ਵਿਚ 6-4, 6-3, 6-2 ਨਾਲ ਜਿੱਤ ਆਪਣੇ ਨਾਂ ਕਰਦਿਆਂ 11ਵੀਂ ਵਾਰ ਰੋਲਾਂ ਗੈਰਾਂ ਦਾ ਖਿਤਾਬ ਆਪਣੇ ਨਾਂ ਕਰ ਲਿਆ। ਨਡਾਲ ਇਸ ਦੇ ਨਾਲ ਹੀ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ ਵਿਚ ਦੁਨੀਆ ਦਾ ਪਹਿਲਾ ਟੈਨਿਸ ਖਿਡਾਰੀ ਬਣ ਗਿਆ ਹੈ, ਜਿਸ ਨੇ 3 ਵੱਖ-ਵੱਖ ਟੂਰਨਾਮੈਂਟਾਂ ਨੂੰ 11-11 ਵਾਰ ਜਿੱਤਿਆ ਹੈ।32 ਸਾਲਾ ਨਡਾਲ ਨੇ ਇਸ ਤੋਂ ਪਹਿਲਾਂ ਬਾਰਸੀਲੋਨਾ ਤੇ ਮੋਂਟੇ ਕਾਰਲੋਸ ਵਿਚ ਵੀ ਇੰਨੇ ਹੀ ਖਿਤਾਬ ਜਿੱਤੇ ਹਨ।  ਉਹ ਇਸ ਦੇ ਨਾਲ ਹੀ ਆਪਣੀ ਚੋਟੀ ਦੀ ਏ. ਟੀ. ਪੀ. ਰੈਂਕਿੰਗ 'ਤੇ ਵੀ ਬਰਕਰਾਰ ਰਹੇਗਾ। ਉਥੇ ਹੀ ਨਡਾਲ ਨੂੰ ਕਲੇਅ ਕੋਰਟ 'ਤੇ ਦੋ ਵਾਰ ਹਰਾਉਣ ਵਾਲਾ ਇਕਲੌਤਾ ਖਿਡਾਰੀ ਥਿਏਮ ਫਾਈਨਲ ਵਿਚ ਕਈ ਗਲਤੀਆਂ ਕਰ ਬੈਠਾ ਤੇ ਆਪਣੇ ਪਹਿਲੇ ਗ੍ਰੈਂਡ ਸਲੈਮ ਤੋਂ ਖੁੰਝ ਗਿਆ।

PunjabKesari
10 ਵਾਰ ਫ੍ਰੈਂਚ ਓਪਨ ਚੈਂਪੀਅਨ ਬਣ ਚੁੱਕੇ ਸਪੈਨਿਸ਼ ਖਿਡਾਰੀ ਦੁਨੀਆ ਦਾ ਸਿਰਫ ਦੂਜਾ ਟੈਨਿਸ ਖਿਡਾਰੀ ਵੀ ਬਣ ਗਿਆ ਹੈ, ਜਿਸ ਨੇ ਕਰੀਅਰ ਵਿਚ ਇਕ ਹੀ ਗ੍ਰੈਂਡ ਸਲੈਮ 11 ਵਾਰ ਜਿੱਤਿਆ ਹੈ। ਉਸ ਤੋਂ ਪਹਿਲਾਂ ਇਹ ਉਪਲੱਬਧੀ ਮਹਿਲਾ ਖਿਡਾਰੀ ਮਾਰਗਟ ਕੋਰਟ ਦੇ ਨਾਂ ਦਰਜ ਹੈ, ਜਿਸ ਨੇ 1974 ਤੋਂ ਪਹਿਲਾਂ 11 ਵਾਰ ਆਸਟਰੇਲੀਅਨ ਓਪਨ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ ਸੀ।


32 ਸਾਲਾ ਨਡਾਲ 11ਵੀਂ ਵਾਰ ਫ੍ਰੈਂਚ ਓਪਨ ਦੇ ਫਾਈਨਲ ਵਿਚ ਪਹੁੰਚਿਆ ਸੀ। ਉਹ ਟੈਨਿਸ ਦੇ ਓਪਨ ਯੁੱਗ ਵਿਚ 11 ਵਾਰ ਕਿਸੇ ਇਕ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਪਹੁੰਚਣ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ। ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਵਿੰਬਲਡਨ ਦੇ ਫਾਈਨਲ ਵਿਚ 11 ਵਾਰ ਪਹੁੰਚਿਆ ਹੈ ਤੇ ਉਸ ਨੇ ਸੱਤ ਵਾਰ ਖਿਤਾਬ ਜਿੱਤੇ ਹਨ । ਫ੍ਰੈਂਚ ਓਪਨ ਵਿਚ ਨਡਾਲ ਦੀ ਜਿੱਤ ਦਾ ਸਿਲਸਿਲਾ 86 ਮੈਚਾਂ ਦਾ ਹੋ ਗਿਆ ਹੈ।
ਫਾਈਨਲ ਵਿਚ ਨਡਾਲ ਦੇ ਵਿਰੋਧੀ ਥਿਏਮ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਤੇ ਉਹ ਇਸਦੇ ਨਾਲ ਹੀ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚਣ ਵਾਲਾ ਦੂਜਾ ਆਸਟਰੇਲੀਆਈ ਖਿਡਾਰੀ ਬਣਿਆ। ਥਿਏਮ 1995 ਵਿਚ ਥਾਮਸ ਮਸਟਰ ਤੋਂ ਬਾਅਦ ਕਿਸੇ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਆਸਟਰੇਲੀਆਈ ਖਿਡਾਰੀ ਹੈ ਪਰ ਖਿਤਾਬ ਤੋਂ ਖੁੰਝ ਗਿਆ।

 


Related News