ਨਡਾਲ ਤੇ ਜੋਕੋਵਿਚ ਇਟਲੀ ਓਪਨ ਦੇ ਕੁਆਟਰ ਫਾਈਨਲ ''ਚ
Friday, May 17, 2019 - 04:24 PM (IST)

ਰੋਮ— ਸਪੇਨ ਦੇ ਮਹਾਨ ਖਿਡਾਰੀ ਰਾਫੇਲ ਨਡਾਲ ਤੇ ਵਰਲਡ ਨੰਬਰ 1 ਨੋਵਾਕ ਜੋਕੋਵਿਚ ਨੇ ਇੱਥੇ ਇਟਲੀ ਓਪਨ ਦੇ ਆਖਰੀ-8 'ਚ ਜਗ੍ਹਾ ਬਣਾ ਲਈ ਹੈ। ਵਰਲਡ ਨੰਬਰ 2 ਨਡਾਲ ਨੇ ਤੀਜੇ ਦੌਰ 'ਚ ਜਾਰਜੀਆ ਦੇ ਨਿਕੋਲੋਜ ਬੇਸਿਲਾਸ਼ਵਿਲੀ ਨੂੰ ਸਿੱਧੇ ਸੈਟਾਂ 'ਚ 6-1,6-0 ਤੋਂ ਹਾਰ ਦਿੱਤੀ। ਏ. ਐੱਫ ਮੁਤਾਬਕ ਨਡਾਲ ਨੇ ਹੋਰ ਖਿਡਾਰੀਆਂ ਦੀ ਤਰ੍ਹਾਂ ਵੀਰਵਾਰ ਨੂੰ ਦੋ ਮੈਚ ਖੇਡੇ ਤੇ ਜਿੱਤ ਦਰਜ ਕੀਤੀ।
ਦੂੱਜੇ ਦੌਰ ਦੇ ਮੈਚ 'ਚ ਉਨ੍ਹਾਂ ਨੇ ਫ਼ਰਾਂਸ ਦੇ ਜੈਰੇਮੀ ਚਾਰਡੀ ਨੂੰ ਇਕ ਪਾਸੜ ਮੁਕਾਬਲੇ 'ਚ 6-0, 6-1 ਨਾਲ ਹਾਰ ਦਿੱਤੀ ਸੀ। ਬੇਸਿਲਾਸ਼ਵਿਲੀ ਦੇ ਖਿਲਾਫ ਨਡਾਲ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਤੇ ਕਿਸੇ ਤਰ੍ਹਾਂ ਦਾ ਉਲਟਫੇਰ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਜਾਰਜੀਆ ਦੇ ਆਪਣੇ ਵਿਰੋਧੀ ਨੂੰ ਹਾਰ ਦੇਣ ਲਈ ਸਿਰਫ 62 ਮਿੰਟ ਦਾ ਹੀ ਸਮਾਂ ਲਿਆ।
ਕੁਆਟਰ ਫਾਈਨਲ 'ਚ ਨਡਾਲ ਦਾ ਸਾਹਮਣਾ ਵਤਨੀ ਫਰਨਾਂਡੋ ਵਰਡਾਸਕੋ ਨਾਲ ਹੋਵੇਗਾ। ਦੂਜੀ ਪਾਸੇ ਸਰਬਿਆ ਦੇ ਜੋਕੋਵਿਚ ਨੇ ਵੀ ਤੀਜੇ ਦੌਰ 'ਚ ਸੌਖੀ ਜਿੱਤ ਦਰਜ ਕੀਤੀ। ਉੁਨ੍ਹਾਂ ਨੇ ਦਿਨ ਦੇ ਪਹਿਲੇ ਮੁਕਾਬਲੇ 'ਚ ਕਨਾਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 6-1, 6-3 ਨੂੰ ਹਾਰ ਦਿੱਤੀ ਸੀ।
ਤੀਜੇ ਦੌਰ ਦੇ ਮੈਚ 'ਚ ਵੀ ਜੋਕੋਵਿਕ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨ ਪਿਆ। ਉਨ੍ਹਾਂ ਨੇ ਜਰਮਨੀ ਦੇ ਫਿਲਿਪ ਕੋਹਲਸ਼ਰਾਇਬਰ ਦੇ ਖਿਲਾਫ 6-3, 6-0 ਨੂੰ ਇਕ ਪਾਸੜ ਜਿੱਤ ਦਰਜ ਕੀਤੀ। ਆਖਰੀ-8 ਦੇ ਮੈਚ 'ਚ ਜੋਕੋਵਿਚ ਦਾ ਸਾਹਮਣਾ ਅਰਜੇਂਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਦੇ ਖਿਲਾਫ ਹੋਵੇਗਾ।